ਕੇਪੀ ਸਿੰਘ
ਗੁਰਦਾਸਪੁਰ, 7 ਸਤੰਬਰ
ਬਟਾਲਾ ਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਵੱਖ ਕਰ ਕੇ ਨਵਾਂ ਜ਼ਿਲ੍ਹਾ ਬਣਾਏ ਜਾਣ ਦੇ ਸੰਕੇਤਾਂ ਦੇ ਵਿਰੋਧ ਵਜੋਂ ਬਾਰ ਐਸੋਸੀਏਸ਼ਨ ਨੇ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਅੱਜ ਵਕੀਲਾਂ ਨੇ ਆਪਣਾ ਕੰਮ ਪੂਰੀ ਤਰ੍ਹਾਂ ਠੱਪ ਰੱਖਿਆ । ਜ਼ਿਲ੍ਹਾ ਬਾਰ ਐਸੋਸੀਏਸ਼ਨ, ਗੁਰਦਾਸਪੁਰ ਦੇ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਮੁੱਦਾ ਕੇਵਲ ਵਕੀਲਾਂ ਦਾ ਨਹੀਂ ਬਲਕਿ ਸਮੁੱਚੀ ਪਬਲਿਕ ਦਾ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਬਾਰ ਮੈਂਬਰਾਂ ਨੂੰ ਮਿਲੇ ਅਤੇ ਆਪਣੇ ਸੰਬੋਧਨ ਵਿੱਚ ਜ਼ਿਲ੍ਹੇ ਨੂੰ ਤੋੜ ਕੇ ਨਵਾਂ ਜ਼ਿਲ੍ਹਾ ਬਣਾਉਣ ਦੀਆਂ ਸੰਭਾਵਨਾਵਾਂ ’ਤੇ ਚਿੰਤਾ ਪ੍ਰਗਟਾਈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕਰ ਤੇ ਦਬਾਅ ਪਾਉਣਗੇ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਰੋਕਿਆ ਜਾਵੇ । ਵਕੀਲਾਂ ਵੱਲੋਂ ਵਿਧਾਇਕ ਪਾਹੜਾ ਨੂੰ ਇਸ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਬਾਰ ਐਸੋਸੀਏਸ਼ਨ ਪ੍ਰਧਾਨ ਰਾਕੇਸ਼ ਕੁਮਾਰ ਨੇ ਦੱਸਿਆ ਕਿ 8 ਸਤੰਬਰ ਨੂੰ ਸਮੂਹ ਵਕੀਲ ਭਾਈਚਾਰਾ , ਉਨ੍ਹਾਂ ਦੇ ਕਲਰਕ ਅਤੇ ਹੋਰ ਜਥੇਬੰਦੀਆਂ ਇੱਕ ਰੋਸ ਮਾਰਚ ਕਰਨਗੀਆਂ ਤਾਂ ਕਿ ਜ਼ਿਲ੍ਹੇ ਦੀ ਮੌਜੂਦਾ ਹੋਂਦ ਨੂੰ ਕਾਇਮ ਰੱਖਿਆ ਜਾ ਸਕੇ । ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਵੀ ਲਿਆ ਜਾਵੇਗਾ ਤਾਂ ਕਿ ਆਪਣਾ ਰੋਸ ਉਨ੍ਹਾਂ ਤੱਕ ਪਹੁੰਚਾਇਆ ਜਾ ਸਕੇ ।