ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਕਤੂੁਬਰ
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਬਰਖ਼ਾਸਤਗੀ ਲਈ ਅੱਜ ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਥੇ ਡੀਸੀ ਦਫ਼ਤਰ ਨੇੜੇ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਜੇਕਰ ਦਸ ਦਿਨਾਂ ’ਚ ਕੋਈ ਕਾਰਵਾਈ ਨਾ ਹੋਈ ਤਾਂ ਕਾਂਗਰਸ ਪਾਰਟੀ, ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਸੰਘਰਸ਼ ਵਿੱਢੇਗੀ।
ਉਨ੍ਹਾਂ ‘ਆਪ’ ਸਰਕਾਰ ’ਤੇ ਵਿਖਾਵੇ ਦੀ ਰਾਜਨੀਤੀ ਕਰਨ, ਰਾਜਸੀ ਕਿੱੜ ਕੱਢਣ, ਦੋਹਰੇ ਮਾਪਦੰਡ ਅਪਣਾਉਣ ਵਰਗੇ ਦੋਸ਼ ਲਾਏ। ਕਾਂਗਰਸੀ ਆਗੂਆਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਇਨ੍ਹਾਂ ਵਿਚੋਂ ਇੱਕ ਵੀ ਦੋਸ਼ ਅਦਾਲਤ ’ਚ ਸਾਬਤ ਨਹੀਂ ਕਰ ਸਕੇਗੀ। ਰਾਜਾ ਵੜਿੰਗ ਨੇ ਅੱਜ ਸ਼ਾਹੀ ਪਰਿਵਾਰ ਨੂੰ ਵੀ ਰੱਜ ਕੇ ਕੋਸਿਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਮੁੱਖ ਮੰਤਰੀ ਹੁੰਦਿਆਂ, ਲੋਕਾਂ ਨੂੰ ਕੁੱਟਣ ਅਤੇ ਲੁੱਟਣ ਵਰਗੇ ਦੋਸ਼ ਲਾਏ ਅਤੇ ਕਾਂਗਰਸ ਦੀ ਮੌਜੂਦਾ ਹਾਲਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ। ਵੜਿੰਗ ਨੇ ਦੁਹਰਾਇਆ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਮੁੜ ਕੇ ਬਣ ਸਕਣਗੇ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਪੈਰਾਂ-ਸਿਰ ਹੋ ਰਹੀ ਹੈ, ਜਿਸ ’ਤੇ ਸ਼ਾਹੀ ਪਰਿਵਾਰ ਦਾ ਪਰਛਾਵਾਂ ਵੀ ਨਹੀਂ ਪੈਣ ਦਿੱਤਾ ਜਾਵੇਗਾ।
ਸਿੱਧੂ ਸਮਰਥਕਾਂ ਵੱਲੋਂ ਵੱਖਰਾ ਧਰਨਾ
ਅੱਜ ਦੇ ਨਵਜੋਤ ਸਿੱਧੂ ਦੇ ਸਮਰਥਕਾਂ ਵੱਲੋਂ ਵੱਖਰਾ ਧਰਨਾ ਲਾਉਣ ’ਤੇ ਕਾਂਗਰਸੀ ਦੀ ਧੜੇਬੰਦੀ ਇਕ ਵਾਰ ਮੁੜ ਸਾਹਮਣੇ ਆਈ ਹੈ। ਇਸ ਧਰਨਾ ਫੁਹਾਰਾ ਚੌਕ ਵਿਚ ਲਾਇਆ ਗਿਆ ਜਿਸ ਦੀ ਅਗਵਾਈ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਨਰਿੰਦਰਪਾਲ ਲਾਲੀ ਨੇ ਕੀਤੀ। ਸ੍ਰੀ ਲਾਲੀ ਨੇ ਕਿਹਾ ਕਿ ਕਿਸੇ ਨੇ ਵੀ ਉਨ੍ਹਾਂ ਨੂੰ ਧਰਨੇ ਸਬੰਧੀ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਸ਼ਾਮਲ ਹੋਣ ਲਈ ਆਖਿਆ, ਜਿਸ ਕਰਕੇ ਉਨ੍ਹਾਂ ਨੂੰ ਵੱਖਰਾ ਦਿੱਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਨਰਿੰਦਰਪਾਲ ਲਾਲੀ ਹੁਣ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਪ੍ਰਧਾਨ ਨਹੀਂ ਹਨ।