ਪੱਤਰ ਪ੍ਰੇਰਕ
ਲਾਲੜੂ, 3 ਜੁਲਾਈ
ਲਾਲੜੂ ਮੁੱਖ ਮਾਰਗ ਆਈਟੀਆਈ ਚੌਕ ਨੇੜੇ ਸਰਵਿਸ ਰੋਡ ’ਤੇ ਅੱਜ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ ਕੀਤਾ ਤੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ। ਭਾਜਪਾਈਆਂ ਦੇ ਪ੍ਰਦਰਸ਼ਨ ਬਾਰੇ ਪਤਾ ਲੱਗਣ ’ਤੇ ਕਿਸਾਨ ਮੌਕੇ ’ਤੇ ਕਾਲੇ ਝੰਡੇ ਲੈ ਕੇ ਪੁੱਜ ਗਏ ਉਨ੍ਹਾਂ ਦੇ ‘ਮੋਦੀ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾ ਕੇ ਮੋਦੀ ਦਾ ਪੁਤਲਾ ਫੂਕਿਆ। ਲਾਲੜੂ ਥਾਣਾ ਮੁਖੀ ਭਿੰਦਰ ਸਿੰਘ ਵੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਕਿਸਾਨ ਆਗੂ ਪ੍ਰੇਮ ਸਿੰਘ, ਕੁਲਦੀਪ, ਉਦੈ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਪੰਜਾਬ ਵਿੱਚ ਭਾਜਪਾ ਦਾ ਵਿਰੋਧ ਜਾਰੀ ਰਹੇਗਾ। ਕਿਸਾਨਾਂ ਤੇ ਭਾਜਪਾ ਕਾਰਕੁਨਾਂ ਵਿਚਕਾਰ ਤਕਰਾਰ ਨੂੰ ਦੇਖਦਿਆਂ ਪੁਲੀਸ ਨੇ ਦਖ਼ਲ ਦੇ ਕੇ ਪਹਿਲਾਂ ਕਿਸਾਨਾਂ ਤੇ ਮਗਰੋਂ ਭਾਜਪਾ ਕਾਰਕੁਨਾਂ ਨੂੰ ਉੱਥੋਂ ਭੇਜ ਦਿੱਤਾ।