ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਅਕਤੂਬਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਥਰਮਲ ਦੇ ਮੁੱਖ ਗੇਟ ਅੱਗੇ ਕੇਂਦਰ ਅਤੇ ਪੰਜਾਬ ਸਰਕਾਰਾਂ ਖ਼ਿਲਾਫ਼ ਰੋਸ ਰੈਲੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕਰ ਕੇ ਸਾਰੇ ਆਊਟਸੋਰਸਡ ਅਤੇ ਐਨਲਿਸਟਮੈਂਟ ਵਾਲੇ ਠੇਕਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ ਤੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇਸ ਮੌਕੇ ਮੋਰਚੇ ਦੇ ਸੂਬਾਈ ਆਗੂ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ, ਬਾਦਲ ਸਿੰਘ ਭੁੱਲਰ, ਬਲਜਿੰਦਰ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ 21 ਅਕਤੂਬਰ ਨੂੰ ਕੀਤੀ ਕੈਬਨਿਟ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਦੀ ਅਣਦੇਖੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸਮੂਹ ਵਿਭਾਗਾਂ ਦੇ ਆਊਟਸੋਰਸਡ ਤੇ ਐਨਲਿਸਟਮੈਂਟ ਠੇਕਾ ਮੁਲਾਜ਼ਮਾਂ ਦੀਆਂ ਲੰਬੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਕਰ ਕੇ, ਸਗੋਂ ਬਾਹਰੋਂ ਨਵੀਂ ਸਿੱਧੀ ਭਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮਹਿੰਗਾਈ ਆਸਮਾਨੀ ਚੜ੍ਹ ਗਈ ੲੈ। ਇਸ ਦੇ ਬਾਵਜੂਦ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਬਣਦਾ ਵਾਧਾ ਨਹੀਂ ਕੀਤਾ ਗਿਆ, ਜਦੋਂਕਿ ਲੇਬਰ ਐਕਟ 1948 ਦੇ ਫਾਰਮੂਲੇ ਅਨੁਸਾਰ ਇੱਕ ਅਣ-ਸਿੱਖਿਅਤ ਆਊਟਸੋਰਸਡ ਠੇਕਾ ਮੁਲਾਜ਼ਮ ਨੂੰ ਘੱਟੋ-ਘੱਟ 25,000 ਰੁਪਏ ਤਨਖ਼ਾਹ ਦੇਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਠੇਕਾ ਮੁਲਾਜ਼ਮ ਦੀਵਾਲੀ ਦਾ ਤਿਉਹਾਰ ਕਾਲੀ ਦੀਵਾਲੀ ਵਜੋਂ ਮਨਾਉਣਗੇ। ਮੁਲਾਜ਼ਮ ਦੀਵਾਲੀ ਵਾਲੇ ਦਿਨ ਘਰਾਂ ਅਤੇ ਦਫ਼ਤਰਾਂ ’ਤੇ ਕਾਲੇ ਝੰਡੇ ਲਗਾਉਣਗੇ ਅਤੇ ਦਫ਼ਤਰਾਂ ਅੱਗੇ ਕਾਲੇ ਚੋਲੇ ਪਾ ਕੇ ਮਾਰਚ ਕਰਨਗੇ।