ਜਗਮੋਹਨ ਸਿੰਘ
ਰੂਪਨਗਰ/ਘਨੌਲੀ, 29 ਅਪਰੈਲ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਚੁੱਕਣ ਦੇ ਚੱਲ ਰਹੇ ਰੇੜਕੇ ਸਬੰਧੀ ਪੁਲੀਸ ਪ੍ਰਸ਼ਾਸਨ ਵੱਲੋਂ ਅੱਜ ਦੋਵੇਂ ਧਿਰਾਂ ਵਿਚਕਾਰ ਸੁਲਾਹ ਸਫ਼ਾਈ ਕਰਵਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਜਾਣਕਾਰੀ ਅਨੁਸਾਰ ਅੱਜ ਐੱਸਪੀ ਜਗਜੀਤ ਸਿੰਘ ਜੱਲ੍ਹਾ ਦੇ ਦਫਤਰ ਵਿੱਚ ਹੋਈ ਮੀਟਿੰਗ ਦੌਰਾਨ ਪਿੰਡ ਦਬੁਰਜੀ ਵਿੱਚ ਧਰਨਾ ਦੇ ਰਹੇ ਧਰਨਾਕਾਰੀਆਂ ਅਤੇ ਟਰਾਂਸਪੋਰਟਰਾਂ ਤੇ ਠੇਕੇਦਾਰਾਂ ਦੇ ਪ੍ਰਤੀਨਿਧੀਆਂ ਦੀ ਸਾਂਝੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਅੰਬੂਜਾ ਸੀਮਿੰਟ ਫੈਕਟਰੀ ਦਬੁਰਜੀ ਅਤੇ ਥਰਮਲ ਪਲਾਂਟ ਰੂਪਨਗਰ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਮੀਟਿੰਗ ਦੌਰਾਨ ਟਰਾਂਸਪੋਰਟਰਾਂ ਤੇ ਠੇਕੇਦਾਰਾਂ ਨੇ ਆਪਣਾ ਪੱਖ ਰੱਖਦਿਆਂ ਹੋਇਆਂ ਕਿਹਾ ਕਿ ਉਹ ਆਪਣੇ ਟਿੱਪਰਾਂ ਨੂੰ ਭਰਨ ਉਪਰੰਤ ਚੰਗ੍ਹੀ ਤਰ੍ਹਾਂ ਡਬਲ ਤਰਪਾਲਾਂ ਨਾਲ ਢੱਕਣ ਉਪਰੰਤ ਹੀ ਸੁਆਹ ਬਾਹਰ ਲੈ ਕੇ ਜਾਣਗੇ ਪਰ ਦਬੁਰਜੀ ਪਿੰਡ ਦੇ ਧਰਨਾਕਾਰੀਆਂ ਦੀ ਧਿਰ ਇਸ ਗੱਲ ’ਤੇ ਅੜ੍ਹੀ ਰਹੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਬੰਦ ਬਾਡੀ ਵਾਲੀਆਂ ਗੱਡੀਆਂ ਰਾਹੀਂ ਸੁਆਹ ਢੋਈ ਜਾਵੇ। ਦੋਵੇਂ ਧਿਰਾਂ ਵਿਚਕਾਰ ਗੱਲ ਨਬਿੜਦੀ ਨਾ ਦੇਖ ਪੁਲੀਸ ਵੱਲੋਂ 4 ਮਈ ਨੂੰ ਦੁਬਾਰਾ ਫਿਰ ਦੋਵੇਂ ਧਿਰਾਂ ਤੇ ਸਬੰਧਤ ਸੰਸਥਾਵਾਂ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ। ਇਸ ਦੇ ਨਾਲ ਹੀ ਪੁਲੀਸ ਨੇ ਟਰਾਂਸਪੋਰਟਰਾਂ ਤੇ ਠੇਕੇਦਾਰਾਂ ਦਾ ਧਰਨਾ ਚੁਕਵਾ ਦਿੱਤਾ ਹੈ।