ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ, 16 ਅਗਸਤ
ਚੌਥਾ ਦਰਜਾ, ਡੇਲੀਵੇਜਿਜ਼, ਕੰਟਰੈਕਟ ਅਤੇ ਆਊਟਸੋਰਸਜ਼ ਸਣੇ ਪਾਰਟਟਾਈਮ ਕਰਮਚਾਰੀਆਂ ਨੇ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡੇ ਨੂੰ ਸਲਾਮੀ ਦੇਣ ਮਗਰੋਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਮੰਗ ਪੱਤਰ ਦੇਣ ਲਈ ਕਾਲੇ ਝੰਡਿਆਂ ਨਾਲ ਵੱਡਾ ਰੋਸ ਮਾਰਚ ਕੀਤਾ। ਇਹ ਮਾਰਚ ਰਾਜਪੁਰਾ ਕਾਲੋਨੀ ਤੋਂ ਪੋਲੋ ਗਰਾਊਂਡ ਵੱਲ ਕੀਤਾ ਗਿਆ। ਮੁਲਾਜ਼ਮ ਆਗੂਆਂ ਅਨੁਸਾਰ ਇਹ ਮਾਰਚ ਮੁਲਾਜ਼ਮਾਂ ਵੱਲੋਂ ਤਿਰੰਗਾ ਲਹਿਰਾਉਣ ਆਏ ਵਿੱਤ ਮੰਤਰੀ ਨੂੰ ਮੁਲਾਜ਼ਮ ਮੰਗਾਂ ਪ੍ਰਤੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਯਾਦ ਕਰਵਾਉਣ ਲਈ ਕੀਤਾ ਸੀ।
ਇਸ ਰੋਸ ਮਾਰਚ ਦੀ ਅਗਵਾਈ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ’ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਕਰ ਰਹੇ ਸਨ। ਇਸ ਨੂੰ ਪੁਲੀਸ ਫੋਰਸ ਨੇ ਸਮਾਗਮ ਸਥਾਨ ਤੋਂ ਪਹਿਲਾਂ ਹੀ ਬੱਸ ਸਟੈਂਡ ਚੌਕ ’ਚ ਰੋਕ ਲਿਆ। ਇਸ ਕਰ ਕੇ ਮੁਲਾਜ਼ਮਾਂ ਨੇ ਧਰਨਾ ਮਾਰ ਕੇ ਆਵਾਜਾਈ ਠੱਪ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤਹਿਸੀਲਦਾਰ ਤੇ ਡੀਐੱਸਪੀ ਕ੍ਰਿਸ਼ਨ ਪੈਂਥੇ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਗਏ ਭਰੋਸੇ ਮਗਰੋਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਦਿਆਂ ਧਰਨਾ ਸਮਾਪਤ ਕਰ ਦਿੱਤਾ।
ਇਸ ਦੌਰਾਨ ਦਰਸ਼ਨ ਲੁਬਾਣਾ ਸਣੇ ਜਗਮੋਹਨ ਨੌਲੱਖਾ, ਨਾਰੰਗ ਸਿੰਘ, ਸੂਰਜ ਪਾਲ ਯਾਦਵ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਮਾਧੋ ਲਾਲ ਰਾਹੀ, ਰਾਮ ਲਾਲ ਤੇ ਰਾਮ ਕਿਸ਼ਨ ਨੇ ਕਿਹਾ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲੀ, ਤਨਖ਼ਾਹਾਂ ਜਾਰੀ ਕਰਨ, ਮਹਿੰਗਾਈ ਭੱਤੇ ਅਤੇ ਵੇਤਨ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਦਾ ਆਜ਼ਾਦੀ ਦਿਹਾੜੇ ’ਤੇ ਐਲਾਨ ਕਰਨ ’ਚ ਨਾਕਾਮ ਰਹੀ ਹੈ।