ਇਕਬਾਲ ਸਿੰਘ ਸ਼ਾਂਤ
ਲੰਬੀ, 11 ਅਕਤੂਬਰ
ਗੁਲਾਬੀ ਸੁੰਡੀ ਦੇ ਸਤਾਏ ਨਰਮਾ ਕਾਸ਼ਤਕਾਰਾਂ ਪ੍ਰਤੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਚੁੱਪ ਦੇ ਵਿਰੋਧ ਵਿੱਚ ਪੱਕੇ ਮੋਰਚੇ ’ਤੇ ਡਟੇ ਕਿਸਾਨਾਂ ਨੇ ਅੱਜ ਪਿੰਡ ਬਾਦਲ ਦੀਆਂ ਗਲੀਆਂ ’ਚ ਰੋਸ ਮਾਰਚ ਕੱਢਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ’ਤੇ ਸੈਂਕੜੇ ਕਿਸਾਨਾਂ ਨੇ ਸੂਬਾ ਸਰਕਾਰ ਤੇ ਵਿੱਤ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਪੱਕਾ ਮੋਰਚਾ ਅੱਜ ਸੱਤਵੇਂ ਦਿਨ ਵੀ ਭਖਿਆ ਰਿਹਾ। ਭਾਕਿਯੂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਲੋਕਾਂ ਵੱਲੋਂ ਚੁਣਿਆ ਗਿਆ ਨੁਮਾਇੰਦਾ ਹੈ। ਇਸ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਦੇ ਭਵਿੱਖ ਤੇ ਜ਼ਿੰਦਗੀ ਨਾਲ ਜੁੜੇ ਮਸਲੇ ’ਤੇ ਉਨ੍ਹਾਂ ਦਾ ਖਾਮੋਸ਼ ਹੋਣਾ ਨਮੋਸ਼ੀ ਭਰਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਕਿਸਾਨ ਪਰਿਵਾਰ ਦੀਆਂ ਬਹੁਗਿਣਤੀ ਵੋਟਾਂ ਬਠਿੰਡਾ ਸੀਟ ’ਤੇ ਵੀ ਹਨ ਤੇ ਕਿਸਾਨ ਪਿੰਡਾਂ ਵਿੱਚੋਂ ਬਠਿੰਡਾ ਸ਼ਹਿਰ ਆ ਕੇ ਚੋਣਾਂ ਸਮੇਂ ਵਿਰੋਧੀ ਰੰਗ ਵਿਖਾ ਸਕਦੇ ਹਨ। ਪੱਕੇ ਮੋਰਚੇ ਨੂੰ ਸੰਬੋਧਨ ਕਰਦੇ ਰਾਮ ਸਿੰਘ ਭੈਣੀਬਾਘਾ, ਹਰਜਿੰਦਰ ਸਿੰਘ ਬੱਗੀ, ਗੁਰਭੇਜ ਸਿੰਘ ਰੋਹੀਵਾਲਾ, ਪਰਮਜੀਤ ਕੌਰ ਪਿੱਥੋ, ਗੁਰਭਗਤ ਸਿੰਘ ਭਲਾਈਆਣਾ, ਜਗਦੇਵ ਸਿੰਘ ਤਲਵੰਡੀ ਅਤੇ ਜਗਤਾਰ ਸਿੰਘ ਬੁਰਜ ਮੁਹਾਰ ਅਤੇ ਰਣਧੀਰ ਸਿੰਘ ਮਲੂਕਾ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਮਜ਼ਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ, ਹੋਰ ਕੁਦਰਤੀ ਕਾਰਨਾਂ ਕਰਕੇ ਨਰਮਾ ਅਤੇ ਹੋਰ ਬਰਬਾਦ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਨਕਲੀ ਕੀਟਨਾਸ਼ਕ ਦਵਾਈਆਂ ਨਕਲੀ ਬੀਜ ਵੇਚਣ ਵਾਲਿਆਂ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।