ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜਨਵਰੀ
ਸਜ਼ਾਵਾਂ ਪੂਰੀਆਂ ਕਰ ਚੁੱਕੇ 9 ਸਿੱਖ ਬੰਦੀਆਂ ਨੂੰ ਰਿਹਾਅ ਨਾ ਕਰਨ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਰੋਸ ਮੁਜ਼ਾਹਰਾ ਅਤੇ ਮਾਰਚ ਕਰਦਿਆਂ ਦੇਸ਼ ਵਿੱਚ ਬੰਦੀ ਸਿੱਖਾਂ ਲਈ ਨਾਬਰਾਬਰੀ ਵਾਲੇ ਕਾਨੂੰਨ ਅਤੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ।
ਦਲ ਖ਼ਾਲਸਾ ਨਾਲ ਸਬੰਧਤ ਸਿੱਖ ਯੂਥ ਆਫ਼ ਪੰਜਾਬ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸੰਵਿਧਾਨਕ ਵਿਤਕਰੇ, ਸ਼ੋਸ਼ਣ, ਜ਼ਿਆਦਤੀਆਂ, ਬੇਇਨਸਾਫੀਆਂ ਵਿਰੁੱਧ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਲਈ ਭੰਡਾਰੀ ਪੁਲ ’ਤੇ ਰੋਸ ਮੁਜ਼ਾਹਰਾ ਕੀਤਾ। ਇਸ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ (ਵਿਰਾਸਤੀ ਮਾਰਗ) ਤੱਕ ਮਾਰਚ ਕੱਢਿਆ ਗਿਆ ਤੇ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਇਹ ਮਾਰਚ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਨੌਜਵਾਨਾਂ ਨੇ ਕਾਲੇ ਝੰਡੇ ਅਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਬੈਨਰ ਹੱਥਾਂ ’ਚ ਫੜੇ ਹੋਏ ਸਨ।
ਅਰਵਿੰਦ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ’ਤੇ ਦਸਤਖ਼ਤ ਨਾ ਕਰਨ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਨੌਜਵਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰੋ. ਭੁੱਲਰ ਦੀ ਰਿਹਾਈ ਨਾ ਹੋਈ ਤਾਂ ਪੰਜਾਬ ਵਿੱਚ ‘ਆਪ’ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਥੇਬੰਦੀਆਂ ਨੇ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਜੁਗਰਾਜ ਸਿੰਘ ਖ਼ਾਲਸਾ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਸਿੱਧ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ, ਬਾਪੂ ਗੁਰਚਰਨ ਸਿੰਘ ਪਟਿਆਲਾ ਅਤੇ ਭਾਈ ਸੁਖਵਿੰਦਰ ਸਿੰਘ ਨਾਗੋਕੇ ਵੀ ਹਾਜ਼ਰ ਸਨ। ਇਸ ਮੌਕੇ ਦਲ ਖ਼ਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਵੀ ਸੰਬੋਧਨ ਕੀਤਾ।