ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਅਕਤੂਬਰ
ਖੇਤੀ ਕਾਨੂੰਨਾਂ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਦਿੱਤੇ ਗਏ ਕਿਸਾਨ ਧਰਨੇ ਵਿਚ ਅੱਜ ਭਰਾਤਰੀ ਜਥੇਬੰਦੀਆਂ ਦੇ ਕਾਰਕੁਨ ਪੁੱਜੇ। ਬਿਜਲੀ ਨਿਗਮ ਅਤੇ ਅਧਿਆਪਕ ਜਥੇਬੰਦੀਆਂ ਨੇ ਧਰਨੇ ਵਿਚ ਸ਼ਾਮਲ ਹੋ ਕੇ ਕਿਸਾਨ ਸੰਘਰਸ਼ ਨੂੰ ਸਮਰਥਨ ਦਿੱਤਾ।
ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਲਾਇਆ ਗਿਆ ਹੈ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅਣਮਿੱਥੇ ਸਮੇਂ ਦਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ ਧਰਨੇ ਵਿਚ ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦੇ ਨੁਮਾਇੰਦੇ ਮਲਕੀਤ ਸਿੰਘ ਦੀ ਅਗਵਾਈ ਹੇਠ ਸ਼ਾਮਲ ਹੋਏ। ਇਸੇ ਤਰ੍ਹਾਂ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਕਾਰਕੁਨ ਅਸ਼ਵਨੀ ਅਵਸਥੀ ਦੀ ਅਗਵਾਈ ਵਿਚ ਪੁੱਜੇ। ਸ੍ਰੀ ਅਵਸਥੀ ਅਤੇ ਬਿਜਲੀ ਕਰਮਚਾਰੀ ਮਲਕੀਤ ਸਿੰਘ ਨੇ ਆਖਿਆ ਕਿ ਕਿਸਾਨ ਵਿਰੋਧੀ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਨਹੀਂ ਆਮ ਲੋਕ ਵੀ ਪ੍ਰਭਾਵਿਤ ਹੋਣਗੇੇ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨ ਦਾ ਵਿਰੋਧ ਕਰਨਾ ਚਾਹੀਦਾ ਹੈ।
ਅੱਜ ਦੇ ਧਰਨੇ ਦੌਰਾਨ ਬਰਨਾਲਾ ਵਿਚ ਸ਼ਹੀਦ ਹੋਏ ਕਿਸਾਨ ਆਗੂ ਯਸ਼ਪਾਲ ਮਹਿਲ ਕਲਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂਆਂ ਕੰਵਲਪ੍ਰੀਤ ਸਿੰਘ ਪੰਨੂ, ਹਰਜੀਤ ਸਿੰਘ ਝੀਤੇ, ਜਤਿੰਦਰ ਸਿੰਘ ਛੀਨਾ ਤੇ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਆਖਿਆ ਕਿ ਕਾਲੇ ਕਾਨੂੰਨਾਂ ਖਿਲਾਫ ਇਹ ਸੰਘਰਸ਼ ਕਾਨੂੰਨਾਂ ਦੀ ਵਾਪਸੀ ਤਕ ਜਾਰੀ ਰਹੇਗਾ। ਇਸ ਮੌਕੇ ਸਤਨਾਮ ਸਿੰਘ ਝੰਡੇਰ, ਸੁਖਰਾਜ ਸਿੰਘ ਸਰਕਾਰੀਆ, ਅਵਤਾਰ ਸਿੰਘ, ਸੁਖਦੇਵ ਸਿੰਘ ਝੰਜੋਟੀ, ਤਰਸੇਮ ਸਿੰਘ ਕਲਸੀਆਂ, ਨਿਸ਼ਾਨ ਸਿੰਘ ਸਾਂਘਣਾ, ਅਮਨਦੀਪ ਸਿੰਘ ਛੀਨਾ ਨੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ।
ਕਿਸਾਨਾਂ ਨੇ ਵਿਜੇ ਸਾਂਪਲਾ ਦੀ ਕੋਠੀ ਘੇਰੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਦੇ ਖ਼ਿਲਾਫ਼ ਚਲਾਏ ਜਾ ਰਹੇ ਅੰਦੋਲਨ ਦੀ ਨਿਰੰਤਰਤਾ ਵਿੱਚ ਅੱਜ ਹੁਸ਼ਿਆਰਪੁਰ ’ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਨਲੋਈਆਂ ਚੌਕ ਸਥਿਤ ਕੋਠੀ ਦੇ ਬਾਹਰ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀ ਪੁਲੀਸ ਦੀਆਂ ਰੋਕਾਂ ਤੋੜ ਕੇ ਸਾਂਪਲਾ ਦੀ ਕੋਠੀ ਤੱਕ ਪਹੁੰਚ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾ ਕਰਨ ਤੋਂ ਬਾਅਦ ਕਿਸਾਨ ਜਦੋਂ ਵਾਪਸ ਧਰਨੇ ਵਾਲੀ ਥਾਂ ’ਤੇ ਆ ਗਏ ਤਾਂ ਸਾਂਪਲਾ ਦਾ ਪੁੱਤਰ ਉਨ੍ਹਾਂ ਲਈ ਪੀਣ ਵਾਲਾ ਪਾਣੀ ਤੇ ਫ਼ਰੂਟੀਆਂ ਦੇ ਡੱਬੇ ਲੈ ਕੇ ਆ ਗਿਆ। ਪਿੱਛੇ-ਪਿੱਛੇ ਸਾਂਪਲਾ ਵੀ ਉੱਥੇ ਪਹੁੰਚ ਗਏ ਪਰ ਰੋਹ ’ਚ ਆਏ ਕਿਸਾਨਾਂ ਨੇ ਸਾਮਾਨ ਸੜਕ ’ਤੇ ਸੁੱਟ ਦਿੱਤਾ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧੱਕਾਮੁੱਕੀ ਤੋਂ ਬਾਅਦ ਪੁਲੀਸ ਨੇ ਪਿਓ-ਪੁੱਤ ਨੂੰ ਸਹੀ ਸਲਾਮਤ ਉਨ੍ਹਾਂ ਦੀ ਕੋਠੀ ਤੱਕ ਪਹੁੰਚਾਇਆ। ਸ੍ਰੀ ਸਾਂਪਲਾ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਨੂੰ ਸਮਝਾਉਣ ਦੀ ਥਾਂ ਦੂਜੀਆਂ ਪਾਰਟੀਆਂ ਵਾਂਗ ਭੜਕਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਹੁਣ ਆਪ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤੀ ਕਾਨੂੰਨਾਂ ਸਬੰਧੀ ਉਨ੍ਹਾਂ ਦੇ ਖਦਸ਼ੇ ਦੂਰ ਕਰਨਗੇ।