ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਮਾਰਚ
ਪਿੰਡ ਰੰਗੀਆਂ ਵਿੱਚ ਹਿੰਦ ਟਰਮੀਨਲ ਰਾਹੀਂ ਲੁਕਵੇਂ ਢੰਗ ਨਾਲ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਦੇ ਮਾਲ ਦੀ ਢੋਆ-ਢੁਆਈ ਦੇ ਦੋਸ਼ਾਂ ਮਗਰੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਾਇਆ ਧਰਨਾ ਅੱਜ ਪੰਜਵੇਂ ਦਿਨ ਮੁਕੰਮਲ ਪੜਤਾਲ ਮਗਰੋਂ ਸਮਾਪਤ ਕਰ ਦਿੱਤਾ ਗਿਆ ਹੈ।
ਉਧਰ, ਕਿਲ੍ਹਾ ਰਾਏਪੁਰ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨੇ ਦੀ ਅਗਵਾਈ ਰਜਿੰਦਰ ਕੌਰ, ਕਰਮਜੀਤ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਪ੍ਰੋਫ਼ੈਸਰ ਜੈਪਾਲ ਸਿੰਘ, ਜਗਤਾਰ ਸਿੰਘ, ਹਰਨੇਕ ਸਿੰਘ, ਸੁਖਵਿੰਦਰ ਕੌਰ, ਮਹਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਹਿੱਸੋਵਾਲ ਟੌਲ ਪਲਾਜ਼ਾ ’ਤੇ ਵੀ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲੜੀਵਾਰ ਧਰਨਾ ਜਾਰੀ ਰਿਹਾ।
ਇਸ ਤੋਂ ਪਹਿਲਾਂ ਹਜ਼ਾਰਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਧਰਨਾ ਸਮਾਪਤ ਕਰਨ ਦਾ ਫ਼ੈਸਲਾ ਕਿਸਾਨ ਆਗੂਆਂ ਦੀ ਪੜਤਾਲੀਆ ਕਮੇਟੀ ਦੀ ਰਿਪੋਰਟ ਅਤੇ ਹਿੰਦ ਟਰਮੀਨਲ ਦੇ ਉੱਚ ਅਧਿਕਾਰੀ ਕੈਪਟਨ ਹਰਮਿੰਦਰ ਸਿੰਘ ਵੱਲੋਂ ਦਿੱਤੇ ਲਿਖਤੀ ਭਰੋਸੇ ਮਗਰੋਂ ਲਿਆ ਗਿਆ। ਉਨ੍ਹਾਂ ਕਿਹਾ ਕਿ ਪੜਤਾਲੀਆ ਰਿਪੋਰਟ ਅਨੁਸਾਰ ਹਿੰਦ ਟਰਮੀਨਲ ਰਾਹੀਂ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਦਾ ਕੋਈ ਮਾਲ ਆਉਣ-ਜਾਣ ਦੀ ਗੱਲ ਸਾਹਮਣੇ ਨਹੀਂ ਆਈ। ਕੈਪਟਨ ਹਰਮਿੰਦਰ ਸਿੰਘ ਨੇ ਲਿਖਤੀ ਤੌਰ ’ਤੇ ਇਹ ਭਰੋਸਾ ਵੀ ਦਿੱਤਾ ਕਿ ਭਵਿੱਖ ਵਿੱਚ ਵੀ ਕੋਈ ਮਾਲ ਇਸ ਸੰਸਥਾ ਰਾਹੀਂ ਨਹੀਂ ਢੋਹਿਆ ਜਾਵੇਗਾ। ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਇਨ੍ਹਾਂ ਕੰਪਨੀਆਂ ਦੇ ਟੌਲ ਪਲਾਜ਼ਿਆਂ, ਸ਼ਾਪਿੰਗ ਮਾਲਜ਼ ਅਤੇ ਅਨਾਜ ਭੰਡਾਰਾਂ ਸਮੇਤ ਭਾਜਪਾ ਆਗੂਆਂ ਵਿਰੁੱਧ ਪੱਕੇ ਮੋਰਚੇ ਜਾਰੀ ਹਨ। ਧਰਨਾਕਾਰੀਆਂ ਨੂੰ ਪਰਮਜੀਤ ਕੌਰ ਪਿੱਥੋ, ਸੁਰਜੀਤ ਕੌਰ, ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ, ਸਾਧੂ ਸਿੰਘ ਪੰਜੇਟਾ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਕੁਲਵੰਤ ਸਿੰਘ ਤੇ ਅਮਿਤੋਜ ਨੇ ਵੀ ਸੰਬੋਧਨ ਕੀਤਾ।