ਬਹਾਦਰਜੀਤ ਸਿੰਘ
ਰੂਪਨਗਰ, 4 ਅਗਸਤ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਰਾਂਚ ਰੂਪਨਗਰ ਵੱਲੋਂ ਪੰਜਾਬ ਮੁਲਾਜ਼ਮ ਮੰਚ, ਬਿਜਲੀ ਮੁਲਾਜ਼ਮ ਯੂਨੀਅਨ ਏਟਕ ਅਤੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਸਾਹਮਣੇ ਸੁਖਦੇਵ ਸਿੰਘ ਸੁਰਤਾਪੁਰੀ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਅਤੇ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ। ਫੈਡਰੇਸ਼ਨ ਦੇ ਸੂਬਾਈ ਆਗੂ ਰਾਧੇ ਸ਼ਾਮ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਂਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਸੁਖਦੇਵ ਸਿੰਘ ਸੁਰਤਾਪੁਰੀ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪਹਿਲਾਂ 2400 ਰੁਪਏ ਸਾਲਾਨਾ ਵਿਕਾਸ ਫੰਡ ਦੇ ਨਾ ਤੇ ਅਤੇ ਹੁਣ ਮੋਬਾਈਲ ਭੱਤਾ 50 ਫ਼ੀਸਦੀ ਕਰਕੇ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੱਕਾ ਕੀਤਾ। ਇਸ ਤੋਂ ਇਲਾਵਾ 148 ਮਹੀਨੇ ਦਾ ਡੀਏ ਅਤੇ 4 ਡੀਏ ਦੀਆਂ ਕਿਸ਼ਤਾਂ ਨਾ ਦੇ ਕੇ ਮੁਲਾਜ਼ਮਾਂ ਨਾਲ ਧੋਖਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ ਦੇ ਉੱਤੇ ਕੇਂਦਰੀ ਤਨਖ਼ਾਹ ਕਮਿਸ਼ਨ ਲਾਗੂ ਕਰਨ ਦੀ ਵੀ ਨਿਖੇਧੀ ਕੀਤੀ। ਕੁਲਦੀਪ ਸਿੰਘ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਪੱਤਰ ਕੱਢ ਕੇ ਮੁਲਾਜ਼ਮਾਂ ਨੂੰ ਮੁਜ਼ਾਹਰੇ ਕਰਨ ਵੱਲ ਧੱਕ ਰਹੀ ਹੈ। ਆਗੂਆਂ ਨੇ ਕਿਹਾ ਕਿ ਛੇਵਾਂ ਤਨਖ਼ਾਹ ਕਮਿਸ਼ਨ ਦਸੰਬਰ ਤੱਕ ਅੱਗੇ ਪਾਉਣ ਦੀ ਸਰਕਾਰ ਦੀ ਬਦਨੀਤੀ ਹੈ। ਉਨ੍ਹਾਂ ਪਹਿਲਾਂ ਕੈਪਟਨ ਸਰਕਾਰ ਵੱਲੋਂ 2004 ਵਿੱਚ ਭਰਤੀ ਹੋਏ ਮੁਲਾਜ਼ਮਾਂ ਦੀ ਬੰਦ ਕੀਤੀ ਪੈਨਸ਼ਨ ਬਹਾਲ ਕਰਨ ਤੇ ਖਾਲੀ ਪਈਆਂ ਆਸਾਮੀਆਂ ਨੂੰ ਰੈਗੂਲਰ ਤਨਖ਼ਾਹ ਸਕੇਲਾਂ ਵਿੱਚ ਭਰਤੀ ਕਰਨ, ਪਹਿਲਾਂ ਭਰਤੀ ਕੀਤੇ ਗਏ ਮੁਲਾਜ਼ਮ ਜੋ ਪ੍ਰੋਬੇਸ਼ਨ ਸਮਾਂ ਪਾਰ ਕਰ ਚੁੱਕੇ ਹਨ ਨੂੰ ਪੂਰਾ ਸਕੇਲ ਦੇਣ, ਕੱਚੇ ਮੁਲਾਜ਼ਮ ਆਊਟਸੋਰਸਿੰਗ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸ ਮੌਕੇ ਰਣਜੀਤ ਗਿੱਲ, ਰਾਮ ਕੁਮਾਰ, ਵੀਰਪਾਲ, ਕੁਲਦੀਪ ਸਿੰਘ ਘਨੌਲੀ, ਰਜਿੰਦਰ ਸਿੰਘ, ਬਨਵਾਰੀ ਲਾਲ, ਕੁਲਦੀਪ ਸਿੰਘ ਬਾਬਾ, ਦੁਰਗੇਸ਼ ਕੁਮਾਰ, ਮੁਰਲੀ ਮਨੋਹਰ ਅਤੇ ਦਰਸ਼ਨ ਸਿੰਘ ਬੜਵਾ ਨੇ ਸੰਬੋਧਨ ਕੀਤਾ।