ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਗਸਤ
1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਸਰਕਾਰੀ ਕਾਲਜ ਵੱਲੋਂ ਭਰਤੀ ਪ੍ਰਕਿਰਿਆ ਬਹਾਲ ਕਰਵਾਉਣ ਲਈ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ‘‘ਦੂਰ ਨਹੀਂ ਸੰਗਰੂਰ’’ ਦੇ ਨਾਅਰੇ ਹੇਠ ਪੰਜਾਬ ਦੇ ਚੁਣੇ ਹੋਏ ਉਮੀਦਵਾਰਾਂ ਵੱਲੋਂ ਰੋਸ ਮਾਰਚ ਕਰਦਿਆਂ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਇਥੇ ਸੰਗਰੂਰ-ਪਟਿਆਲਾ ਰੋਡ ’ਤੇ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ, ਜਿਥੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦਿਆਂ ਉਨ੍ਹਾਂ ਨੂੰ ਜੇਜੀ ਪੈਲੇਸ ਕੋਲ ਪੁਲੀਸ ਨੇ ਸਖਤ ਨਾਕਾਬੰਦੀ ਕਰਕੇ ਰੋਕ ਲਿਆ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਉਪਰ ਹੀ ਰੋਸ ਧਰਨਾ ਲਗਾ ਦਿੱਤਾ ਗਿਆ। ਫਰੰਟ ਦੇ ਸੂਬਾ ਆਗੂ ਜਸਪ੍ਰੀਤ ਸਿੰਘ ਸਿਵੀਆਂ ਅਤੇ ਬਲਵਿੰਦਰ ਚਹਿਲ ਨੇ ਕਿਹਾ ਕਿ 1158 ਦੀ ਭਰਤੀ ਪ੍ਰਕਿਰਿਆ ਪਿਛਲੀ ਤੇ ਮੌਜੂਦਾ ਸਰਕਾਰ ਦੀ ਸੌੜੀ ਸਿਆਸਤ ਦੀ ਭੇਟ ਚੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਨੇ 1158 ਘਰਾਂ ਦੇ ਚੁੱਲ੍ਹੇ ਮਘਾਉਣੇ ਸਨ ਪਰ ਇਸ ਤੋਂ ਉਲਟ 600 ਤੋਂ ਵੱਧ ਯੋਗ ਉਮੀਦਵਾਰ ਆਪਣੀਆਂ ਨੌਕਰੀਆਂ, ਫ਼ੈਲੋਸ਼ਿਪਾਂ ਤੋਂ ਹੱਥ ਧੋਅ ਬੈਠੇ ਹਨ। ਕਾਲਜਾਂ ਵਿਚ ਜੁਆਇਨ ਕਰ ਚੁੱਕੇ ਸਵਾ ਸੌ ਉਮੀਦਵਾਰ ਮੁੜ ਬੇਰੁਜ਼ਗਾਰੀ ਦੀ ਮਾਰ ਹੇਠ ਆ ਗਏ ਹਨ। ਫਰੰਟ ਦੇ ਆਗੂ ਨਿਰਭੈ ਸਿੰਘ, ਪਰਮਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਪ੍ਰੋਫ਼ੈਸਰਾਂ ਦੀ ਭਰਤੀ ਨਾ ਹੋਣ ਕਾਰਨ ਇਨ੍ਹਾਂ ਕਾਲਜਾਂ ਵਿਚ ਰੈਗੂਲਰ ਪ੍ਰੋਫ਼ੈਸਰਾਂ ਦੀ ਗਿਣਤੀ ਨਾਮਾਤਰ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕੀਤੇ ਜਾਣ ਉਪਰੰਤ ਬਣੀ ਸਥਿਤੀ ਬਾਰੇ ਮੁੱਖ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਈ ਜਾਵੇ। ਇਸ ਮੌਕੇ ਪ੍ਰਸ਼ਾਸਨ ਵੱਲੋਂ 9 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਫਰੰਟ ਦੀ ਮੀਟਿੰਗ ਦਾ ਲਿਖਤੀ ਭਰੋਸਾ ਦੇਣ ਮਗਰੋਂ ਹੀ ਰੋਸ ਧਰਨਾ ਸਮਾਪਤ ਕੀਤਾ ਗਿਆ।
ਓਵਰਏਜ ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 4 ਨੂੰ
ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਨੇ 4 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਓਵਰਏਜ਼ ਬੇਰੁਜ਼ਗਾਰ ਯੂਨੀਅਨ ਅਤੇ ਓਵਰਏਜ਼ ਈਟੀਟੀ ਟੈੱਟ ਪਾਸ ਯੂਨੀਅਨ ਨੇ ਆਉਣ ਵਾਲੀਆਂ ਈਟੀਟੀ ਦੀਆਂ 5994 ਅਸਾਮੀਆਂ ਅਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਉਮਰ ਹੱਦ ’ਚ ਛੋਟ ਦੇਣ ਦੀ ਮੰਗ ਲਈ ਸੰਘਰਸ਼ ਉਲੀਕਿਆ ਹੈ