ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਫਾਰਮੇਸੀ ਅਫਸਰਾਂ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਚਹਿਲ ਦੀ ਅਗਵਾਈ ਹੇਠ ਅੱਜ ਇਥੇ ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਇਕੱਠੇ ਹੋ ਕੇ ਵਿਭਾਗ ਦੇ ਡਾਇਰੈਕਟਰ ਖ਼ਿਲਾਫ਼ ਰੋਸ ਪ੍ਰਰਦਸ਼ਨ ਕੀਤਾ ਜਿਸ ਦੌਰਾਨ ਡਾਇਰੈਕਰ ਦੇ ਅੜੀਅਲ ਵਤੀਰੇ ਦਾ ਗੰਭੀਰ ਨੋਟਿਸ ਲੈਂਦਿਆਂ 24 ਮਾਰਚ ਨੂੰ ਜਥੇਬੰਦੀ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਸੂਬਾਈ ਪੱਧਰ ’ਤੇ ਕੀਤੀ ਜਾ ਰਹੀ ਰੋਸ ਰੈਲੀ ਵਿਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ। ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਸੂਬਾਈ ਆਗੂ ਹਰਜੀਵਨ ਸਿੰਘ ਚਹਿਲ ਨੇ ਦੱਸਿਆ ਕਿ ਫਾਰਮੇਸੀ ਅਫ਼ਸਰ ਦੀ ਸੀਨੀਅਰ ਫਾਰਮੇਸੀ ਅਫਸਰ ਵਜੋਂ ਤਰੱਕੀ ਪਹਿਲਾਂ ਹੀ 30/32 ਸਾਲਾਂ ਮਗਰੋਂ ਹੁੰਦੀ ਹੈ। ਪਰ ਡਾਇਰੈਕਟਰ ਦੇ ਦਫਤਰ ਵੱਲੋਂ ਤਰੱਕੀ ਦੇ ਯੋਗ ਫਾਰਮੇਸੀ ਅਫਸਰਾਂ ਨੂੰ ਪਦਉਨਤ ਕਰਨ ’ਚ ਵੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਸੇਵਾਮੁਕਤ ਹੋਏ ਕਰਮਚਾਰੀਆਂ ਦੇ ਜੀਪੀਐਫ਼ ਅਤੇ ਲੀਵ ਇਨਕੈਸ਼ਮੈਂਟ ਦਾ ਮਾਮਲਾ ਵੀ ਲਮਕਾਇਆ ਜਾ ਰਿਹਾ ਹੈ। ਜੀਪੀਐਫ਼ ਦੀ ਸਟੇਟਮੈਂਟ ਵੀ ਸਮੇਂ ਸਿਰ ਨਹੀਂ ਜਾਰੀ ਕੀਤੀ ਜਾ ਰਹੀ। ਹਰਜੀਵਨ ਸਿੰਘ ਚਹਿਲ ਨੇ ਦੱਸਿਆ ਕਿ ਡਾਇਰੈਕਰ ਦੇ ਅਜਿਹੇ ਅੱਖੜ ਰਵੱਈਏ ਖਿਲਾਫ਼ ਪੰਜਾਬ ਭਰ ਦੇ ਫਾਰਮੇਸੀ ਅਫਸਰਾਂ ਖਿਲਾਫ਼ ਰੋਸ ਲਗਾਤਾਰ ਪ੍ਰਚੰਡ ਹੋ ਰਿਹਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ’ਚ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਸੂਬਾਈ ਆਗੂ ਹਰਜੀਵਨ ਸਿੰਘ ਚਹਿਲ, ਜ਼ਿਲ੍ਹਾ ਸੱਰ ਸਿਓਪਾਲ ਸਿੰਘ, ਚਮਕੌਰ ਸਿੰਘ, ਇੰਦਰਜੀਤ ਸਿੰਘ, ਤਰਸੇਮ ਸਿੰਘ, ਮੇਜਰ ਸਿੰਘ ਲਖਮੀ ਵਰਮਾ ਆਦਿ ਵੀ ਮੌਜੂਦ ਸਨ।