ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਅਗਸਤ
ਇਥੋਂ ਦੇ ਲੁਧਿਆਣਾ ਰੋਡ ਸਥਿਤ ਇੱਕ ਨਿੱਜੀ ਸਕੂਲ ਵੱਲੋਂ ਕਥਿਤ ਤੌਰ ‘ਤੇ ਫ਼ੀਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਸਕੂਲ ਦੀ ਆਨਲਾਈਨ ਐਪ ਵਿੱਚੋਂ ਨਾਂ ਕੱਟਣ ਕਰ ਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਅੱਗੇ ਧਰਨਾ ਦੇ ਕੇ ਆਵਾਜਾਈ ਰੋਕਦਿਆਂ ਸਕੂਲ ਪ੍ਰਬੰਧਕਾਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ, ਸਾਹਿਲ ਜਿੰਦਲ, ਮੁਹੰਮਦ ਸਾਕਬਿ ਰਾਜਾ ਨੇ ਕਿਹਾ ਕਿ ਕਰੀਬ ਇੱਕ ਮਹੀਨਾ ਪਹਿਲਾਂ ਸਥਾਨਕ ਸੀਤਾ ਗਰਾਮਰ ਸਕੂਲ ਨੇ ਚੌਥੀ ਜਮਾਤ ਦੇ ਇੱਕ ਵਿਦਿਆਰਥੀ ਮਾਧਵ ਜਿੰਦਲ ਦਾ ਨਾਂ ਬਗ਼ੈਰ ਕਾਰਨ ਦੱਸਿਆ ਕੱਟ ਦਿੱਤਾ ਸੀ, ਜਿਸ ਨੂੰ ਲੈ ਕੇ ਮਾਧਵ ਜਿੰਦਲ ਦੇ ਪਿਤਾ ਸਾਹਿਲ ਜਿੰਦਲ ਵੱਲੋਂ ਕੀਤੇ ਗਏ ਵਿਰੋਧ ਵਿੱਚ ਹੋਰਨਾਂ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ। ਉਸ ਮਾਮਲੇ ‘ਚ ਅਜੇ ਤੱਕ ਮਾਧਵ ਜਿੰਦਲ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਰਕੇ ਮਾਧਵ ਜਿੰਦਲ ਦੇ ਪਿਤਾ ਨੇ 18 ਅਗਸਤ ਨੂੰ ਸਕੂਲ ਅੱਗੇ ਧਰਨਾ ਦੇ ਕੇ ਸੰਕੇਤਕ ਭੁੱਖ ਹੜਤਾਲ ਕੀਤੀ ਸੀ। ਹੁਣ ਸਕੂਲ ਮਨੈਜਮੈਂਟ ਨੇ ਸੈਂਕੜੇ ਵਿਦਿਆਰਥੀਆਂ ਦੇ ਸਕੂਲ ਦੀ ਆਨਲਾਈਨ ਐਪ ’ਚੋਂ ਨਾਂ ਕੱਟ ਦਿੱਤੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਹੋਈ ਤਾਲਾਬੰਦੀ ਕਾਰਨ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਸਕੂਲ ਮਨੇਜਮੈਂਟ ਵੱਲੋਂ ਮਾਪਿਆਂ ਨੂੰ ਫ਼ੀਸਾਂ ਭਰਨ ਲਈ ਕਿਹਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਸਕੂਲ ਪ੍ਰਬੰਧਕਾਂ ਦੀਆਂ ਮਨਮਾਨੀਆਂ ਦੀ ਨਿੰਦਾ ਕੀਤੀ। ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਨੇ ਕਿਹਾ ਕਿ ਬਹੁਤੇ ਨਿੱਜੀ ਸਕੂਲ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਟਰਾਂਸਪੋਰਟ ਅਤੇ ਟਿਊਸ਼ਨ ਫੀਸ ਲਈ ਮਜਬੂਰ ਕਰ ਰਹੇ ਹਨ, ਜਦ ਕਿ ਸਕੂਲ ਕਰੋਨਾ ਕਾਰਨ ਬੰਦ ਹਨ, ਪੜ੍ਹਾਈ ਆਨਲਾਈਨ ਹੋ ਰਹੀ ਹੈ ਤੇ ਫੀਸਾਂ ਦਾ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਤਾਂ ਸਕੂਲ ਪ੍ਰਬੰਧਕ ਮਾਪਿਆਂ ਨੂੰ ਫੀਸਾਂ ਲਈ ਤੰਗ ਕਰਨਾ ਬੰਦ ਕਰਨ। ਤਹਿਸੀਦਾਰ ਬਾਦਲ ਦੀਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਧਰਨਾਕਾਰੀ ਧਰਨਾ ਚੁੱਕਣ ਲਈ ਰਾਜ਼ੀ ਨਾ ਹੋਏ। ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸੰਗਰੂਰ ਨੇ ਧਰਨਾ ਸਥਾਨ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਜਾਣਕਾਰੀ ਦਿੱਤੀ ਕਿ ਡਿਪਟੀ ਕਮਿਸ਼ਨਰ ਸੰਗਰੂਰ ਨੇ ਸੋਮਵਾਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਨਾਲ ਬੈਠਕ ਰੱਖੀ ਹੈ, ਜਿਸ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ।