ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਸਤੰਬਰ
ਪ੍ਰਾਈਵੇਟ ਕਾਲਜਾਂ ਦੇ ਨਾਨ-ਟੀਚਿੰਗ ਮੁਲਾਜ਼ਮਾਂ ਵੱਲੋਂ ਅੱਜ ਸਥਾਨਕ ਬੀਬੀਕੇਡੀਏਵੀ ਕਾਲਜ ਫਾਰ ਵਿਮੈੱਨ ਵਿੱਚ ਆਪਣੀਆਂ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਤੇ ਸਕੱਤਰ ਸੁਖਬੀਰ ਕੌਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨਾਨ-ਟੀਚਿੰਗ ਮੁਲਾਜ਼ਮ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਹਨ, ਪਰ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰੀ ਕਾਲਜਾਂ ਦੀ ਤਰਜ਼ ’ਤੇ ਏਡਿਡ ਕਾਲਜਾਂ ਵਿੱਚ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ, ਪਹਿਲੀ ਦਸੰਬਰ 2011 ਤੋਂ ਸੋਧੇ ਹੋਏ ਗਰੇਡ ਪੇਅ ਦੀ ਨੋਟੀਫਿਕੇਸ਼ਨ, ਪਹਿਲੀ ਜੁਲਾਈ 2009 ਤੋਂ ਵਧੀ ਹੋਈ ਦਰ ਨਾਲ ਹਊਸ ਰੈਂਟ ਤੇ ਮੈਡੀਕਲ ਭੱਤਾ ਵਧਾਉਣ ਦੀ ਨੋਟੀਫਿਕੇਸ਼ਨ ਤੇ ਪਹਿਲੀ ਜਨਵਰੀ 2017 ਤੋਂ ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।