ਕੁਲਦੀਪ ਸਿੰਘ
ਚੰਡੀਗੜ੍ਹ, 12 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਦੇ ਸੱਦੇ ਤਹਿਤ ਅੱਜ ਤੀਸਰੇ ਦਿਨ ਵੀ ਮਨਿਸਟੀਰੀਅਲ ਮੁਲਾਜ਼ਮਾਂ ਨੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ-ਕਾਜ ਠੱਪ ਰੱਖ ਕੇ ਰੋਸ ਮੁਜ਼ਾਹਰੇ ਕੀਤੇ ਅਤੇ ‘ਆਪ’ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਵਿੱਚ ਕਾਲੀ ਦੀਵਾਲੀ ਮਨਾਈ ਜਾਵੇਗੀ।
ਯੂਨੀਅਨ ਦੇ ਸੂਬਾ ਚੇਅਰਮੈਨ ਮੇਘ ਸਿੰਘ ਸਿੱਧੂ, ਪ੍ਰਧਾਨ ਵਾਸਵੀਰ ਸਿੰਘ ਭੁੱਲਰ ਅਤੇ ਜ਼ੋਨਲ ਸਕੱਤਰ ਰਾਜਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਅਪਣਾਈ ਜਾ ਰਹੀ ਮਾਰੂ ਨੀਤੀ ਤੋਂ ਸਮੁੱਚਾ ਮੁਲਾਜ਼ਮ ਵਰਗ ਪ੍ਰੇਸ਼ਾਨ ਹੈ। ਮਨਿਸਟੀਰੀਅਲ ਕਾਮੇ ਲਗਾਤਾਰ ਸੰਘਰਸ਼ ਕਰ ਰਹੇ ਹਨ, ਜਿਨ੍ਹਾਂ ਵਿੱਚ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਸੂਬੇ ਦੀ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਨਵੀਂ ਭਰਤੀ ਵਿੱਚ ਸਿਰਫ਼ ਤਿੰਨ ਸਾਲ ਲਈ ਸਿਰਫ਼ ਬੇਸਿਕ-ਪੇਅ ਹੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਦਾ ਮਨੋਬਲ ਡੇਗਿਆ ਜਾ ਰਿਹਾ ਹੈ। ਨੌਜਵਾਨ ਸਰਕਾਰੀ ਨੌਕਰੀ ਲੈਣ ਦੇ ਇੱਛੁਕ ਨਹੀਂ ਹਨ ਕਿਉਂਕਿ 10 ਤੋਂ 15 ਹਜ਼ਾਰ ਦੀ ਤਨਖ਼ਾਹ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਔਖਾ ਹੈ। ਅਜਿਹੇ ਕਾਰਨਾਂ ਕਰਕੇ ਨੌਜਵਾਨ ਪੰਜਾਬ ਵਿੱਚ ਨੌਕਰੀ ਲੈਣ ਦੀ ਬਜਾਏ ਵਿਦੇਸ਼ ਵਿੱਚ ਜਾ ਕੇ ਮਜ਼ਦੂਰੀ ਕਰਨ ਲਈ ਮਜਬੂਰ ਹਨ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ‘ਆਪ’ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਸਿਰਫ਼ ਜੁਮਲਾ ਸਾਬਤ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਵਿੱਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਗਿਆ 27 ਜੁਲਾਈ 2020 ਦਾ ਪੱਤਰ ਵਾਪਸ ਕੀਤਾ ਜਾਵੇ, ਪੇਅ-ਕਮਿਸ਼ਨ ਵਿੱਚ ਰਹਿੰਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਡੀ.ਏ. ਦੀਆਂ ਬਕਾਇਆ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ, 200 ਰੁਪਏ ਟੈਕਸ ਵਾਪਸ ਲਿਆ ਜਾਵੇ, ਛੇਵੇਂ ਤਨਖ਼ਾਹ ਕਮਿਸ਼ਨ ਦੇ ਪਹਿਲੀ ਜਨਵਰੀ 2016 ਤੋਂ ਬਣਦੇ ਬਕਾਏ ਜਾਰੀ ਕੀਤੇ ਜਾਣ, ਸਟੈਨੋ ਟਾਈਪਿਸਟਾਂ ਨੂੰ 50 ਸਾਲ ਦੀ ਉਮਰ ਪੂਰੀ ਕਰਨ ’ਤੇ ਟਾਈਪ ਟੈਸਟ ਪੰਜਾਬ ਸਿਵਲ ਸਕੱਤਰੇਤ ਦੀ ਤਰਜ਼ ’ਤੇ ਮੁਆਫ਼ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮੰਗਾਂ ਨੂੰ ਵਾਰ-ਵਾਰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।