ਪੱਤਰ ਪ੍ਰੇਰਕ
ਚੰਡੀਗੜ੍ਹ, 3 ਸਤੰਬਰ
ਐੱਚਟੀ/ਸੀਐੱਚਟੀ ਬੈਕਲਾਗ ਭਰਤੀ ਅਧੀਨ ਨਿਯੁਕਤ ਹੋਏ ਉਮੀਦਵਾਰਾਂ ਦੀ ਮੀਟਿੰਗ ਅੱਜ ਇੱਕੇ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਵਿਰਾਸਤ-ਏ-ਖਾਲਸਾ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਯੂਨੀਅਨ ਦੇ ਆਗੂਆਂ ਕੁਲਵੰਤ ਸਿੰਘ, ਗੁਰਬਿੰਦਰ ਕੌਰ ਤੇ ਗੁਰਪ੍ਰੀਤ ਕੌਰ ਬਾਜਵਾ ਨੇ ਜਾਰੀ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਨੂੰ ਤਰਜੀਹੀ ਵਿਕਾਸ ਅਧੀਨ ਲਿਆਉਣ ਵਾਲੀ ਨੀਤੀ ਸਿਰਫ਼ ਕਾਗਜ਼ਾਂ ਅਤੇ ਭਾਸ਼ਣਾਂ ਤੱਕ ਸੀਮਤ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਤਹਿਤ ਸਾਲ ਪਹਿਲਾਂ ਪਹਿਲੀ ਸੂਚੀ ’ਚ 23 ਉਮੀਦਵਾਰ ਨਿਯੁਕਤ ਹੋਏ ਸਨ, ਪਰ ਹਾਲੇ ਤੱਕ ਇਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਨ੍ਹਾ ਚਿਤਾਵਨੀ ਦਿੱਤੀ ਹੈ ਕਿ ਜੇਕਰ 5 ਸਤੰਬਰ ਤੋਂ ਪਹਿਲਾਂ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਗਏ ਤਾਂ ਸੂਬਾ ਪੱਧਰੀ ਸਮਾਗਮ ਮੌਕੇ ਪ੍ਰਦਰਸ਼ਨ ਕਰਨਗੇ।