ਬਲਵਿੰਦਰ ਰੈਤ
ਨੂਰਪੁਰ ਬੇਦੀ, 21 ਨਵੰਬਰ
ਬੀਤੇ ਦਿਨੀਂ ਪਿੰਡ ਖੇੜੀ ਵਿਚ ਗੋਲੀ ਲੱਗਣ ਨਾਲ ਜ਼ਖਮੀਂ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਇਕ ਮੁਲਜ਼ਮ ਨੂੰ ਕੇਸ ’ਚੋਂ ਬਾਹਰ ਕੱਢੇ ਜਾਣ ਨੂੰ ਲੈ ਕੇ ਪੁਲੀਸ ’ਤੇ ਗੰਭੀਰ ਦੋਸ਼ ਲਗਾਏ। ਅੱਜ ਪਿੰਡ ਖੇੜੀ ਵਿਖੇ ਜ਼ਖਮੀਂ ਹੋਏ ਨੌਜਵਾਨ ਨੂੰ ਕੋਲ ਬਿਠਾ ਕੇ ਇਕੱਠੇ ਹੋਏ ਪਿੰਡ ਵਾਸੀਆਂ ਤੇ ਊਸ ਦੇ ਪਰਿਵਾਰਕ ਜੀਆਂ ਨੇ ਪੁਲੀਸ ਖ਼ਿਲਾਫ਼ ਰੋਸ ਜਤਾਇਆ।
ਨੌਜਵਾਨ ਦੇ ਪਿਤਾ ਸਤਪਾਲ ਨੇ ਦੱਸਿਆ ਕਿ 9 ਨਵੰਬਰ ਨੂੰ ਖੇਤਾਂ ’ਚ ਕੰਮ ਕਰਦੇ ਸਮੇਂ ਦੋ-ਪਹੀਆ ਵਾਹਨ ’ਤੇ ਆਏ ਜੌਲੀ ਅਤੇ ਹਰਪ੍ਰੀਤ ਸਿੰਘ ਵਾਸੀ ਖੇੜੀ ਊਸ ਲੜਕੇ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਦ ਪੁਲੀਸ ਨੇ ਚਰਨਜੀਤ ਸਿੰਘ ਦੇ ਬਿਆਨ ਲਏ ਤੇ ਦੋਵੇਂ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ। ਇਸ ਦੌਰਾਨ ਪੁਲੀਸ ਨੇ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਕੇ ਕੁਝ ਦਿਨ ਹਿਰਾਸਤ ’ਚ ਰੱਖਿਆ। ਪਰਿਵਾਰਕ ਮੈਂਬਰਾਂ ਨੂੰ ਊਸ ਸਮੇਂ ਹੈਰਾਨੀ ਹੋਈ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਉਪਰੰਤ ਅਖਬਾਰਾਂ ’ਚ ਹਰਪ੍ਰੀਤ ਸਿੰਘ ਦਾ ਨਾਂ ਨਹੀਂ ਆਇਆ ਜਦਕਿ ਕੁਝ ਹੋਰ ਮੁਲਜ਼ਮ ਨਾਮਜ਼ਦ ਕੀਤੇ ਗਏ। ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਭਾਰਤੀ ਫੌਜ ’ਚ ਹੈ ਅਤੇ ਡਿਊਟੀ ਵੀ ਜੁਆਇੰਨ ਕਰ ਚੁੱਕਾ ਹੈ। ਇਸੇ ਦੌਰਾਨ ਹਰਪ੍ਰੀਤ ਸਿੰਘ ਦੇ ਪਿਤਾ ਕੇਸਰ ਸਿੰਘ ਨੇ ਦੱਸਿਆ ਕਿ ਊਸ ਦਾ ਲੜਕਾ ਨਿਰਦੋਸ਼ ਹੈ ਤੇ ਉਸ ਨੂੰ ਫਸਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਦਿਨ ਇਹ ਹਮਲਾ ਹੋਇਆ, ਊਸ ਦਾ ਪੁੱਤਰ ਘਰ ’ਚ ਹੀ ਕੰਮ ਕਰ ਰਿਹਾ ਸੀ।
ਹਰਪ੍ਰੀਤ ਸਿੰਘ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ : ਥਾਣਾ ਮੁਖੀ
ਥਾਣਾ ਮੁਖੀ (ਨੂਰਪੁਰ ਬੇਦੀ) ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲੀਸ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਮਾਮਲੇ ਦੀ ਜਾਂਚ ਊਨ੍ਹਾਂ ਤੋਂ ਇਲਾਵਾ ਐੱਸ.ਪੀ.ਡੀ. ਰੂਪਨਗਰ ਤੇ ਡੀ.ਐੱਸ.ਪੀ. ਆਨੰਦਪੁਰ ਸਾਹਿਬ ਵੱਲੋਂ ਕੀਤੇ ਜਾਣ ਉਪਰੰਤ ਹੀ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਖਮੀਂ ਨੌਜਵਾਨ ਨੇ ਦੋ ਵਿਅਕਤੀਆਂ ਦੇ ਨਾਂ ਦੱਸੇ ਸਨ ਜਦਕਿ ਜਾਂਚ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਅਸਲਾ ਵੀ ਬਰਾਮਦ ਹੋਇਆ ਸੀ। ਉਨਾਂ ਕਿਹਾ ਕਿ ਜਾਂਚ ’ਚ ਹਰਪ੍ਰੀਤ ਸਿੰਘ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ।