ਮੁੱਖ ਅੰਸ਼
- ਪਿੰਡ ਵਾਸੀਆਂ ਤੇ ਜਥੇਬੰਦੀਆਂ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਦੋਸ਼ ਲਾਏ
- ਪਹਿਲਾਂ ਵੀ ਦੋ ਸਕੇ ਭਰਾਵਾਂ ਦੀ ਨਸ਼ੇ ਕਾਰਨ ਹੋ ਚੁੱਕੀ ਹੈ ਮੌਤ
ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 9 ਅਕਤੂਬਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਵਿੱਚ ਬੀਤੇ ਦਿਨ ਚਿੱਟੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਜੋਗਿੰਦਰ ਸਿੰਘ ਕਾਕਾ (26) ਦੀ ਮੌਤ ਹੋ ਗਈ ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਨੌਜਵਾਨ ਆਗੂਆਂ ਤੇ ਇਨਸਾਫ਼ਪਸੰਦ ਲੋਕਾਂ ਨੇ ਅੱਜ ਨੌਜਵਾਨ ਦੀ ਲਾਸ਼ ਬੱਸ ਸਟੈਂਡ ’ਤੇ ਰੱਖ ਕੇ ਧਰਨਾ ਦਿੱਤਾ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਕਿਹਾ ਕਿ ਲਗਪਗ ਦੋ ਮਹੀਨੇ ਪਹਿਲਾਂ ਚਿੱਟੇ ਕਾਰਨ ਪਿੰਡ ਦੇ ਦੋ ਸਕੇ ਭਰਾਵਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਵੱਡੀ ਪੱਧਰ ’ਤੇ ਦਾਣਾ ਮੰਡੀ ’ਚ ਨਸ਼ਿਆਂ ਖ਼ਿਲਾਫ਼ ਰੋਸ ਰੈਲੀ ਕੀਤੀ ਸੀ। ਲੋਕ ਲਹਿਰ ਦੇ ਆਗੂ ਰੁਪਿੰਦਰ ਸਿੰਘ ਨੇ ਕਿਹਾ ਕਿ ਨਸ਼ੇ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਵਿਕ ਰਹੇ। ਧਰਨੇ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਪਹੁੰਚੇ ਸਥਾਨਕ ਥਾਣਾ ਅਫ਼ਸਰ ਬਿਕਰਮਜੀਤ ਸਿੰਘ ਚੌਹਾਨ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਮਾਜ ਸੇਵੀ ਆਗੂ ਯੋਧਾ ਮਹਿਰਾਜ ਨੇ ਨਸ਼ੇ ਵੇਚਣ ਵਾਲਿਆਂ ਦੇ ਨਾਂ ਨਸ਼ਰ ਕਰਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮ੍ਰਿਤਕ ਦੇ ਭਰਾ ਸਤਪਾਲ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਮਜ਼ਦੂਰ ਆਗੂ ਜਗਸੀਰ ਮਹਿਰਾਜ ਨੇ ਕਿਹਾ ਕਿ ਜੋਗਿੰਦਰ ਸਿੰਘ ਦਿਹਾੜੀ ਕਰਦਾ ਸੀ ਤੇ ਉਸ ਦੇ ਘਰ ਦੀ ਅਰਥਿਕ ਹਾਲਤ ਵੀ ਬਹੁਤ ਖਸਤਾ ਸੀ। ਉਨ੍ਹਾਂ ਮੰਗ ਕੀਤੀ ਕਿ ਜੋਗਿੰਦਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਪਿੰਡ ਵਾਲਿਆਂ ਨੇ ਤਿੰਨ ਸਾਲ ਪਹਿਲਾਂ ਕਿਸਾਨ ਯੂਨੀਅਨ ਨਾਲ ਮਿਲ ਕੇ ਐਂਟੀ-ਡਰੱਗ ਗਰੁੱਪ ਵੀ ਬਣਾਇਆ ਸੀ ਤੇ ਬਲੈਕੀਆਂ ਦੀ ਸੂਚੀ ਵੀ ਪ੍ਰਸ਼ਾਸਨ ਨੂੰ ਦਿੱਤੀ ਸੀ, ਜਿਸ ’ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।