ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 13 ਸਤੰਬਰ
ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦ ਤੋਂ ਸੇਵਾਮੁਕਤ ਹੋਏ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਨੇ ਅੱਜ ਇੱਥੋਂ ਦੇ ਫੇਜ਼ ਅੱਠ ਵਿਚ ਪੰਚਾਇਤ ਵਿਭਾਗ ਦੇ ਮੁੱਖ ਦਫਤਰ ਵਿਕਾਸ ਭਵਨ ਅੱਗੇ ਸੂਬਾਈ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਓਮ ਪ੍ਰਕਾਸ਼, ਰਾਮ ਕਿਸ਼ਨ, ਲਛਮਣ ਸਿੰਘ, ਰਾਜਿੰਦਰ ਸਿੰਘ, ਕੁਲਵੰਤ ਕੌਰ, ਨੈਬ ਸਿੰਘ, ਗੁਰਮੀਤ ਸਿੰਘ, ਜਾਗੀਰ ਸਿੰਘ, ਨਰਿੰਦਰ ਸਿੰਘ, ਜੈ ਦੇਵ, ਹਰਦਿਆਲ ਸਿੰਘ, ਰਾਜਿੰਦਰ ਕੌਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਉੱਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਵਿਕਾਸ ਭਵਨ ਅੱਗੇ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।
ਪੈਨਸ਼ਨਰਾਂ ਨੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਨਸ਼ਨ ਜਾਰੀ ਕਰਨ, ਬੁਢਾਪਾ ਭੱਤਾ ਸਿਰਫ਼ 75 ਸਾਲ ਦੀ ਉਮਰ ਤੱਕ ਸੀਮਤ ਕਰਨ ਦੀ ਥਾਂ ਪੈਨਸ਼ਨਰ ਦੇ ਜੀਵਤ ਰਹਿਣ ਤੱਕ ਲਾਗੂ ਕਰਨ, ਬਾਕੀ ਪੈਨਸ਼ਨਰਾਂ ਵਾਂਗ ਐਲਟੀਸੀ ਦੀ ਸਹੂਲਤ ਦੇਣ, ਪੈਨਸ਼ਨ ਲਾਉਣ ਦੇ ਅਮਲ ਨੂੰ ਸਮਾਂ ਬੱਧ ਕਰਨ ਅਤੇ ਪੈਨਸ਼ਨ ਸੈੱਲ ਵਿੱਚ ਲੇਖਾਕਾਰ ਦੀ ਨਿਯੁਕਤੀ ਕਰਨ, ਪੇਅ ਗਰੇਡ ਦੇ ਬਕਾਏ ਸੀਨੀਆਰਤਾ ਅਨੁਸਾਰ ਜਾਰੀ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਬਕਾਏ ਦੇਣ ਅਤੇ ਪੈਨਸ਼ਨ ਦੀ ਅਦਾਇਗੀ ਸਰਕਾਰੀ ਖਜ਼ਾਨੇ ਵਿੱਚੋਂ ਕਰਨ ਦੀ ਮੰਗ ਕੀਤੀ। ਪੈਨਸ਼ਨਰਾਂ ਨੇ 12 ਅਕਤੂਬਰ ਨੂੰ ਮੁੜ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ।