ਰਾਕੇਸ਼ ਸੈਣੀ
ਨੰਗਲ, 26 ਜੁਲਾਈ
ਨੰਗਲ ਡੈਮ ’ਤੇ ਬਣ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਨੇਪਰੇ ਨਾ ਚਾੜ੍ਹਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਵਪਾਰ ਮੰਡਲਾਂ ਵੱਲੋਂ ਨੰਗਲ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਸਾਰੇ ਵਪਾਰਕ ਅਦਾਰੇ ਬੰਦ ਰੱਖ ਕੇ ਰਾਜੀਵ ਗਾਂਧੀ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਕਾਰਨ ਅੱਜ ਮੇਨ ਮਾਰਕੀਟ, ਪਹਾੜੀ ਮਾਰਕੀਟ, ਅੱਡਾ ਮਾਰਕੀਟ ਅਤੇ ਹੋਰਨਾ ਥਾਵਾਂ ’ਤੇ ਸਾਰੇ ਵਪਾਰਕ ਅਦਾਰੇ ਬੰਦ ਰਹੇ। ਨੰਗਲ ਸੰਘਰਸ਼ ਕਮੇਟੀ ਵੱਲੋਂ ਸਥਾਨਕ ਰਾਜੀਵ ਗਾਂਧੀ ਚੌਕ ਵਿੱਚ ਸਵੇਰੇ 9 ਤੋਂ 12 ਵਜੇ ਤੱਕ ਮੁਜ਼ਾਹਰਾ ਕੀਤਾ ਗਿਆ। ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੀਨੀਅਰ ਕਾਂਗਰਸੀ ਆਗੁੂ ਪ੍ਰਦੀਪ ਸੋਨੀ, ਪਰਵੇਸ਼ ਸੋਨੀ, ਕੌਂਸਲਰ ਪਰਮਜੀਤ ਸਿੰਘ ਪੰਮਾ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਅਕਾਲੀ ਆਗੂ ਨਿਤਨ ਨੰਦਾ, ਕੌਸਲਰ ਦੀਪਕ ਨੰਦਾ, ਟੋਨੀ ਸਹਿਗਲ, ਕੌਂਸਲਰ ਸੋਨੀਆ ਸੈਣੀ, ਵਿਨੋਦ ਭੱਟੀ, ਸੁਰਜੀਤ ਸਿੰਘ ਢੇਰ, ਐਡਵੋਕੇਟ ਵਿਸ਼ਾਲ ਸੈਣੀ , ਕੌਂਸਲਰ ਰਣਜੀਤ ਲੱਕੀ, ਤੁਲਸੀ ਰਾਮ ਮੱਟੂ ਆਦਿ ਨੇ ਸੰਬੋਧਨ ਕੀਤਾ। ਭਾਈ ਅਮਰਜੀਤ ਸਿੰਘ ਚਾਵਲਾ ਨੇ ਸਰਕਾਰ ਵਿਰੁੱਧ ਸਿੱਧਾ ਸੰਘਰਸ਼ ਕਰਨ ਦਾ ਮਸ਼ਵਰਾ ਦਿੱਤਾ, ਉੱਥੇ ਨੰਗਲ ਮੰਡਲ ਭਾਜਪਾ ਪ੍ਰਧਾਨ ਰਾਜੇਸ਼ ਚੌਧਰੀ ਨੇ ਇਹ ਵਿਸ਼ਵਾਸ਼ ਦਵਾਇਆ ਕਿ ਉਹ ਛੇਤੀ ਹੀ ਕੇਂਦਰੀ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਨ ਗਡਕਰੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਸਘੰਰਸ਼ ਕਮੇਟੀ ਦੀ ਗੱਲ ਕਰਵਾਉਣਗੇ। ਦੱਸਣਯੋਗ ਕਿ ਪ੍ਰਸ਼ਾਸਨਿਕ ਪੱਧਰ ’ਤੇ ਯੋਗ ਤਾਲਮੇਲ ਦੀ ਘਾਟ ਕਾਰਨ ਅਤੇ ਕੁਝ ਜ਼ਰੁੂਰੀ ਮਨਜ਼ੂਰੀਆਂ ਨਾ ਮਿਲਣ ਕਾਰਨ ਨੰਗਲ ਡੈਮ ਫਲਾਈਓਵਰ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈੈ। ਸ਼ਹਿਰ ਵਿੱਚ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ।