ਜਗਜੀਤ ਕੁਮਾਰ
ਖਮਾਣੋਂ, 20 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸ਼ੂਗਰ ਮਿੱਲਾਂ ਅਤੇ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਪ੍ਰਬੰਧਕੀ ਕੰਪਲੈਕਸ ਖਮਾਣੋਂ ਅੱਗੇ ਤਹਿਸੀਲ ਪ੍ਰਧਾਨ ਕਰਨੈਲ ਸਿੰਘ ਜਟਾਣਾ ਦੀ ਅਗਵਾਈ ’ਚ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਨ ਲਈ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਉੱਤਮ ਸਿੰਘ ਬਰਵਾਲੀ, ਬਹਾਦਰ ਸਿੰਘ ਰਾਣਵਾਂ, ਮੋਹਣ ਸਿੰਘ ਭੁੱਟਾ, ਬਲਦੇਵ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਜਟਾਣਾ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਸੱਤ ਸੌ ਕਰੋੜ ਰੁਪਏ ਦੇ ਕਰੀਬ ਬਕਾਇਆ ਅਦਾਇਗੀ ਜਾਰੀ ਨਹੀਂ ਕਰਦੀ, ਉਦੋਂ ਤੱਕ ਪੂਰੇ ਪੰਜਾਬ ਅੰਦਰ ਇਸੇ ਤਰ੍ਹਾਂ ਰੋਸ ਧਰਨੇ ਦਿੱਤੇ ਜਾਣਗੇ। ਤਹਿਸੀਲ ਪ੍ਰਧਾਨ ਕਰਨੈਲ ਸਿੰਘ ਜਟਾਣਾ ਨੇ ਕਿਹਾ ਕਿ ਅੱਜ ਤੋਂ ਸਬ ਡਿਵੀਜ਼ਨ ਖਮਾਣੋਂ ਦੇ ਪੰਜ-ਪੰਜ ਕਿਸਾਨਾਂ ਦਾ ਜਥਾ ਐੱਸ.ਡੀ.ਐੱਮ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੇਗਾ। ਇਸ ਦੌਰਾਨ ਪਹਿਲੇ ਜਥੇ ’ਚ ਪਿੰਡ ਲਖਨਪੁਰ ਦੇ ਲਖਵੀਰ ਸਿੰਘ ਲਖਨਪੁਰ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਆਦਿ ਭੁੱਖ ਹੜਤਾਲ ’ਤੇ ਬੈਠੇ। ਜਟਾਣਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐੱਸਡੀਐੱਮ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਹੱਲ ਨਹੀਂ ਨਿਕਲਿਆ।