ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 11 ਜੁਲਾਈ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਹਿੰਦ ਦੇ ਦਫ਼ਤਰ ਅੱਗੇ ਅੱਜ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਬਲਾਕ ਸਮਿਤੀ ਮੈਂਬਰ ਅਤੇ ਮਨਰੇਗਾ ਵਰਕਰਾਂ ਨੇ ਸਿਆਸੀ ਦਬਾਅ ਹੇਠ ਏਪੀਓ, ਜੀਆਰਐੱਸ ਅਤੇ ਮਨਰੇਗਾ ਸਟਾਫ਼ ਸਰਹਿੰਦ ਵੱਲੋਂ ਮਨਰੇਗਾ ਕਾਮਿਆਂ ਨੂੰ ਕੰਮ ਨਾ ਦੇਣ ’ਤੇ ਧਰਨਾ ਲਾਇਆ।
ਇਸ ਮੌਕੇ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਸਰਪੰਚ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਸਰਪੰਚ ਪੰਡਰਾਲੀ ਅਤੇ ਦਵਿੰਦਰ ਸਿੰਘ ਸਰਪੰਚ ਜੱਲਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪਿੰਡਾਂ ਵਿਚ ਮਨਰੇਗਾ ਤੇ ਵਿਕਾਸ ਕੰਮ ਬੰਦ ਪਏ ਹਨ ਅਤੇ ਸਿਆਸੀ ਦਬਾਅ ਹੇਠ ਪਿੰਡਾਂ ਵਿੱਚ ਕਾਂਗਰਸ ਪੱਖੀ ਪੰਚਾਇਤਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਨਰੇਗਾ ਦਾ ਕੰਮ ਨਹੀਂ ਦਿੱਤਾ ਜਾ ਰਿਹਾ ਸਗੋਂ ਉਲਟਾ ਸਰਪੰਚਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਰੀਬ 4 ਮਹੀਨਿਆਂ ਤੋਂ ਮਨਰੇਗਾ ਵਰਕਰ ਵਿਹਲੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪੰਚਾਇਤਾਂ ਦੇ ਕੰਮ ਬੰਦ ਕਰਵਾਏ ਹੋਏ ਹਨ ਅਤੇ ਪੰਚਾਇਤੀ ਫੰਡਾਂ ’ਤੇ ਪਾਬੰਦੀ ਲਾਈ ਹੋਈ ਹੈ, ਜਦੋਂਕਿ ਪਿੰਡਾਂ ਵਿੱਚ ਸਫ਼ਾਈ ਸੇਵਕਾਂ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਵੀ ਕਰਨੀ ਹੁੰਦੀ ਹੈ। ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਪਰਨੀਤ ਕੌਰ ਸ਼ੇਰਗਿੱਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਚੁਣੇ ਸਰਪੰਚਾਂ ਨੂੰ ਹੀ ਮਸਟਰੋਲ ਦਿੱਤਾ ਜਾਵੇ, ਪਿੰਡਾਂ ਦੇ ਬੰਦ ਪਏ ਵਿਕਾਸ ਕਾਰਜ ਚਾਲੂ ਕਰਵਾਏ ਜਾਣ ਅਤੇ ਫੰਡਾਂ ’ਤੇ ਲਾਈ ਪਾਬੰਦੀ ਹਟਾਈ ਜਾਵੇ। ਉਨ੍ਹਾਂ ਮੰਗਾਂ ਨਾ ਮੰਨਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।