ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਜਨਵਰੀ
ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਫੇਸਬੁੱਕ ’ਤੇ ਲਾਈਵ ਹੋ ਕੇ ਸਿੱਖ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਨਾ ਪੜ੍ਹਨ ਦੇ ਮਾਮਲੇ ਸਬੰਧੀ ਪਹਿਲਾ ਹੀ ਵਿਵਾਦਾਂ ’ਚ ਹਨ। ਅੱਜ ਲਾਲਪੁਰਾ ਨੇ ਫੇਸਬੁੱਕ ’ਤੇ ਮੁੜ ਲਾਈਵ ਹੋ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਇਲਾਕੇ ਦੇ ਕਿਸਾਨਾਂ ਨੂੰ ਅਪਸ਼ਬਦ ਬੋਲ ਕੇ ਇੱਕ ਨਵਾਂ ਮੁੱਦਾ ਛੇੜ ਲਿਆ ਹੈ। ਲਾਲਪੁਰਾ ਦੀ ਭੱਦੀ ਸ਼ਬਦਾਵਲੀ ਖ਼ਿਲਾਫ਼ ਕਿਸਾਨਾਂ ’ਚ ਭਾਰੀ ਰੋਸ ਹੈ। ਕਿਸਾਨਾਂ ਨੇ ਕਿਹਾ ਕਿ ਉਹ ਅਜਿਹੀ ਸ਼ਬਦਾਵਲੀ ਬਰਦਾਸ਼ਤ ਨਹੀਂ ਕਰਨਗੇ। ਅੱਜ ਇਲਾਕੇ ਦੇ ਕਿਸਾਨਾਂ ਨੇ ਨੂਰਪੁਰ ਬੇਦੀ ਦੇ ਬੱਸ ਅੱਡੇ ’ਤੇ ਇਕੱਠੇ ਹੋ ਕੇ ਲਾਲਪੁਰਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਲਾਲਪੁਰਾ ਦਾ ਪੁਤਲਾ ਫੂਕਣ ਦੀ ਬਜਾਏ ਬੱਸ ਅੱਡੇ ਦੇ ਬਾਹਰ ਟੰਗ ਕੇ ਉਸ ਦੇ ਗਲ ਜੁੱਤੀਆਂ ਦਾ ਹਾਰ ਪਾ ਦਿੱਤਾ ਤਾਂ ਕਿ ਆਉਂਦੇ ਜਾਂਦੇ ਲੋਕ ਇਸ ਪੁਤਲੇ ’ਤੇ ਜੁੱਤੀਆਂ ਮਾਰ ਸਕਣ। ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਲਾਲਪੁਰਾ ਹਿੰਦੂ-ਸਿੱਖਾਂ ’ਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲਾਲਪੁਰਾ ਨੂੰ ਆਰਐੱਸਐੱਸ ਦਾ ਦਲਾਲ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਲਾਲਪੁਰਾ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਮੋਦੀ ਸਰਕਾਰ ਦੇ ਝੰਬੇ ਹਨ ਤੇ ਉਤੋਂ ਭਾਜਪਾ ਦੇ ਆਗੂ ਵੀ ਅਪਸ਼ਬਦ ਬੋਲ ਕੇ ਕਿਸਾਨਾਂ ਖ਼ਿਲਾਫ਼ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਉਨ੍ਹਾਂ ਭਾਜਪਾ ਆਗੂਆਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਸਲਾਹ ਦਿੰਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਿਸਾਨ ਨਿਰਮਲ ਸਿੰਘ ਰਾਣੂ, ਗੁਰਚੇਤ ਸਿੰਘ, ਸੰਜੂ ਰਾਣਾ, ਜਸਬੀਰ ਸਿੰਘ ਹਾਜ਼ਰ ਸਨ।