ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਫਰਵਰੀ
ਦੇਸ਼ ਵਿੱਚ ਲਗਾਤਾਰ ਤੇਲ ਅਤੇ ਐੱਲਪੀਜੀ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਹਰਿਆਣਾ ਕਾਂਗਰਸ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਇਸ ਦੌਰਾਨ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਪਾਣੀਪਤ ਵਿੱਚ ਲਾਲ ਚੌਕ ’ਤੇ ਧਰਨੇ ਵਿੱਚ ਪੁੱਜੇ, ਜਿੱਥੇ ਰੇਹੜੀ ’ਤੇ ਮੋਟਰਸਾਈਕਲ ਅਤੇ ਗੈਸ ਸਿਲੰਡਰ ਰੱਖ ਕੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦਾ ਕਿਸਾਨ ਸੰਘਰਸ਼ ਕਰ ਰਿਹਾ ਹੈ ਅਤੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਨੇ ਹਰ ਕਿਸੇ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੈਕਸਾਂ ਦੇ ਰੂਪ ’ਚ ਲੋਕਾਂ ਤੋਂ ਵਸੂਲੇ ਪੈਸਿਆਂ ਦੇ ਖਰਚੇ ਦੀ ਜਾਣਕਾਰੀ ਜਨਤਕ ਕੀਤੀ ਜਾਵੇ। ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਮਹਿੰਗਾਈ ’ਤੇ ਨੱਥ ਪਾਉਣ ਦੀ ਮੰਗ ਕੀਤੀ।