ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਗਸਤ
ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਜਬਰੀ ਕੌਮੀ ਝੰਡੇ ਵੇਚਣ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਅੱਜ ਇਕੱਠੇ ਹੋਏ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਦਕਿ ਕਾਲਜ ਪ੍ਰਿੰਸੀਪਲ ਨੇ ਜਬਰੀ ਝੰਡੇ ਵੇਚਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਆਗੂ ਰਮਨ ਸਿੰਘ ਕਾਲਾਝਾੜ ਤੇ ਕਾਲਜ ਕਮੇਟੀ ਦੇ ਸਕੱਤਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਂਦਿਆਂ ‘ਹਰ ਘਰ ਤਿਰੰਗਾ’ ਮੁਹਿੰਮ ਆਰੰਭੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਆਜ਼ਾਦੀ ਦਿਹਾੜਾ ਲੰਘੇ ਨੂੰ ਹਫ਼ਤਾ ਹੋ ਚੱਲਿਆ ਹੈ ਪਰ ਇਸ ਮੁਹਿੰਮ ਤਹਿਤ ਹਾਲੇ ਵੀ ਵਿਦਿਅਕ ਸੰਸਥਾਵਾਂ ’ਚ ਵਿਦਿਆਰਥੀਆਂ ਨੂੰ ਜਬਰੀ ਝੰਡੇ ਵੇਚੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਕਾਲਜ ਵਿੱਚ ਮੈਨੇਜਮੈਂਟ ਵੱਲੋਂ ਹਰੇਕ ਵਿਦਿਆਰਥੀ ਨੂੰ 25 ਰੁਪਏ ਪ੍ਰਤੀ ਝੰਡਾ ਵੇਚਿਆ ਗਿਆ ਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਹ ਕੌਮੀ ਝੰਡਾ ਨਹੀਂ ਖਰੀਦਣਗੇ ਤਾਂ ਕਾਲਜ ਦਾ ਸ਼ਨਾਖਤੀ ਕਾਰਡ ਨਹੀਂ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਬਰੀ ਦੋ ਜਾਂ ਚਾਰ ਝੰਡੇ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਕਾਲਜ ਦੇ ਪ੍ਰਬੰਧਕੀ ਅਮਲੇ ਵੱਲੋਂ ਜਬਰੀ ਕੌਮੀ ਝੰਡੇ ਵੇਚੇ ਜਾ ਰਹੇ ਹਨ।
ਕਾਲਜ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਬਰੀ ਝੰਡੇ ਵੇਚਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਮਰਜ਼ੀ ਨਾਲ ਕੌਮੀ ਝੰਡਾ ਖਰੀਦ ਸਕਦੇ ਹਨ, ਨਾ ਕਿਸੇ ਨੂੰ ਧੱਕੇ ਨਾਲ ਝੰਡਾ ਵੇਚਿਆ ਗਿਆ ਹੈ ਤੇ ਨਾ ਹੀ ਵੇਚਿਆ ਜਾਵੇਗਾ।