ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 29 ਅਪਰੈਲ
ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਮੰਦਰ ਸ੍ਰੀ ਨੈਣਾ ਦੇਵੀ ਸੜਕ ’ਤੇ ਪੈਂਦੇ ਪਿੰਡ ਲਮਲੈਹੜੀ ਦੀ ਖਾਲ੍ਹੀ ਪਈ ਜਗ੍ਹਾ ’ਤੇ ਸ਼ਹਿਰ ਦਾ ਸਾਰਾ ਕੂੜਾ ਸੁੱਟੇ ਜਾਣ ਤੋਂ ਦੁਖੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨੰਬਰਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਅੱਜ ਸਵੇਰੇ ਪਿੰਡ ਵਿੱਚ ਕੂੜਾ ਸੁੱਟਣ ਆਈਆਂ ਟਰਾਲੀਆਂ ਅਤੇ ਟੈਂਪੂਆਂ ਨੂੰ ਰਾਹ ਵਿੱਚੋਂ ਹੀ ਮੋੜ ਦਿੱਤਾ। ਨੰਬਰਦਾਰ ਜਸਪਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਵੱਲੋਂ ਸ਼ਹਿਰ ਦਾ ਸਾਰਾ ਕੂੜਾ ਪਿੰਡ ਲਮਲੈਹੜੀ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪਿੰਡ ਵਿੱਚ ਕੂੜਾ ਸੁੱਟਣਾ ਬੰਦ ਕਰ ਦਿੱਤਾ ਜਾਵੇ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਕੂੜਾ ਸੁੱਟਣ ਲਈ ਹੋਇਆ ਸਮਝੌਤਾ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਕਿਹਾ ਕਿ ਪਿੰਡ ਦੀ ਇਸ ਜਗ੍ਹਾ ’ਤੇ ਗੰਦਗੀ ਸੁੱਟਣ ਲਈ ਸਮਝੌਤਾ ਹੋਇਆ ਸੀ ਪਰ ਫਿਰ ਵੀ ਜੇਕਰ ਪਿੰਡ ਵਾਲਿਆਂ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਨ੍ਹਾਂ ਨਾਲ ਮਿਲ ਕੇ ਗੱਲ ਕਰ ਲੈਣਗੇ।