ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਅਗਸਤ
ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ 35 ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੱਕੇ ਮੋਰਚੇ ’ਤੇ ਡਟੀ ‘ਬੇਰੁਜ਼ਗਾਰ ਅਪ੍ਰੈਂਟਿਸਸ਼ਿਪ ਲਾਈਨਮੈਨ ਯੂਨੀਅਨ’ ਨੇ 23 ਅਗਸਤ ਨੂੰ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਅਤੇ ਟੈਂਟ ਪੁੱਟਣ ਖ਼ਿਲਾਫ਼ ਅੱਜ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਰੋਸ ਮਾਰਚ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ। ਇਸ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਫਾਜ਼ਿਲਕਾ, ਪਵਿੱਤਰ ਸਿੰਘ ਸੰਗਤਪੁਰਾ, ਮਲਕੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਸੰਘਰਸ਼ 1690 ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ਨੂੰ ਬਿਨਾਂ ਟੈਸਟ ਅਤੇ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ ’ਤੇ ਭਰਤੀ ਕਰਵਾਉਣ ਲਈ ਲੜਿਆ ਜਾ ਰਿਹਾ ਹੈ। 2011 ਤੋਂ 2020 ਤੱਕ ਅਪ੍ਰੈਂਟਿਸਸ਼ਿਪ ਦੀ ਮੈਰਿਟ ਦੇ ਆਧਾਰ ’ਤੇ ਬਿਨਾਂ ਟੈਸਟ ਤੋਂ ਹੀ 8300 ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਦੀ ਭਰਤੀ ਹੋਈ ਸੀ, ਪਰ ਹੁਣ ‘ਆਪ’ ਸਰਕਾਰ ਨੇ 1690 ਪੋਸਟਾਂ ਲਈ ਟੈਸਟ ਦੀ ਸ਼ਰਤ ਥੋਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸ਼ਰਤ ਨੂੰ ਰੱਦ ਕਰਕੇ ਪੋਸਟਾਂ ਅਤੇ ਉਮਰ ਹੱਦ ਵਧਾਉਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਮੁਜ਼ਾਹਰੇ ਵਿੱਚ ਕਿਸਾਨਾਂ ਸਮੇਤ ਸ਼ਾਮਲ ਹੋਏ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬਦਲਾਅ ਲਿਆਉਣ ਦਾ ਹੋਕਾ ਦੇ ਕੇ ਸੱਤਾ ’ਚ ਆਈ ‘ਆਪ’ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਕਦਮਾਂ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਨੇ ਭਾਵੇਂ ਕੋਈ ਬਦਲਾਅ ਨਹੀਂ ਲਿਆਂਦਾ, ਪਰ ਪੰਜਾਬ ਦੇ ਲੋਕ ਬਦਲਾਅ ਲਿਆਉਣਾ ਜ਼ਰੂਰ ਸਿੱੱਖ ਗਏ ਹਨ। ਜੇਕਰ ‘ਆਪ’ ਸਰਕਾਰ ਵੀ ਲੋਕ ਮਸਲਿਆਂ ਪ੍ਰਤੀ ਸੰਜੀਦਾ ਨਾ ਹੋਈ ਤਾਂ ਅਗਲੀਆਂ ਚੋਣਾਂ ’ਚ ਇਸ ਦਾ ਬਦਲਾਅ ਵੀ ਤੈਅ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ, ਬਲਰਾਜ ਜੋਸ਼ੀ, ਗੈਸ ਵਰਕਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਬਿੱਲਾ ਸਮੇਤ ਭਰਾਤਰੀ ਜਥੇਬੰਦੀਆਂ ਦੇ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਪਵਿੱਤਰ ਸੰਗਤਪੁਰਾ ਨੇ ਦੱਸਿਆ ਕਿ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਰਾਂ ਨੇ ਪਹਿਲੀ ਸਤੰਬਰ ਲਈ ਯੂਨੀਅਨ ਦੀ ਬਿਜਲੀ ਮੰਤਰੀ ਨਾਲ ਮੀਟਿੰਗ ਮੁਕੱਰਰ ਕਰਵਾ ਦਿੱਤੀ ਹੈ।