ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸਰੂਪ ਦੀ ਰਾਖੀ ਕਰਨਾ ਸਰਹੱਦਾਂ ਦੀ ਰਾਖੀ ਕਰਨ ਜਿੰਨਾ ਹੀ ਮਹੱਤਵਪੂਰਨ ਹੈ। ਦੇਸ਼ ਦੀ ਅੰਦਰੂਨੀ ਤੇ ਬਾਹਰੀ ਸਿਹਤ ਬਰਾਬਰ ਅਹਿਮੀਅਤ ਰੱਖਦੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਦੇਸ਼ ’ਚ ਅੰਦਰੂਨੀ ਐਮਰਜੈਂਸੀ ਲਗਾਉਣ ਦੀ 45ਵੀਂ ਵਰ੍ਹੇਗੰਢ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖ ਸਰੂਪ ਪ੍ਰਤੀ ਬਰਾਬਰ ਦੀ ਵਚਨਬੱਧਤਾ ਬਿਨਾਂ ਲੋਕਤੰਤਰ ਲਈ ਵਚਨਬੱਧਤਾ ਅਰਥਹੀਣ ਹੈ। ਲੋਕਤੰਤਰ ਲਈ ਪਹਿਲਾਂ ਧਰਮ ਨਿਰਪੱਖਤਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਧਰਮ ਨਿਰਪੱਖਤਾ ਲਈ ਲੋਕਤੰਤਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਾਸਤੇ ਦੇਸ਼ ਦਾ ਫੈਡਰਲ ਢਾਂਚਾ ਜ਼ਰੂਰੀ ਹੈ। ਲੋਕਤੰਤਰ ਵਿਅਕਤੀਗਤ ਤੇ ਸਮਾਜਿਕ ਪੱਧਰ ’ਤੇ ਸਰਬਵਿਆਪਕ ਵੋਟਿੰਗ ਅਧਿਕਾਰ ਰਾਹੀਂ ਕੰਮ ਕਰਦਾ ਹੈ। ਸ੍ਰੀ ਬਾਦਲ ਨੇ ਲੋਕਾਂ ਨੂੰ ਲੋਕਤੰਤਰ ਨੂੰ ਅਜਾਈਂ ਹੀ ਸਮਝਣ ਵਿਰੁੱਧ ਚੌਕਸ ਕੀਤਾ ਤੇ ਕਿਹਾ ਕਿ ਇਹ ਮੰਨਣਾ ਗਲਤੀ ਹੋਵੇਗੀ ਕਿ ਜੋ 1975 ਵਿਚ ਹੋਇਆ, ਉਹ ਦੁਬਾਰਾ ਨਹੀਂ ਹੋ ਸਕਦਾ।