ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲਾਅ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ, ਪਰ ਅੱਜ ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜੱਪਾਂ ਦਾ ਗੜ੍ਹ ਬਣ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਟਵੀਟ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਜਿਹਾ ਬਦਲਾਅ ਨਹੀਂ ਮੰਗਿਆ ਸੀ। ਸ੍ਰੀ ਬਾਦਲ ਨੇ ਟਵੀਟ ਵਿੱਚ ਦੁੱਖ ਜ਼ਾਹਰ ਕੀਤਾ ਕਿ ‘ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਅੱਜ ਕਤਲਾਂ, ਗੈਂਗਵਾਰ, ਧਾਰਮਿਕ ਝੜਪਾਂ ਅਤੇ ਹੋਰਨਾਂ ਘਟਨਾਵਾਂ ਦਾ ਗੜ੍ਹ ਬਣ ਗਿਆ ਹੈ। ਇਹ ਸਭ ਕੁਝ ਸੂਬੇ ’ਚ ਹੋਣ ਵਾਲੇ ਨਿਵੇਸ਼ਾਂ ਅਤੇ ਸੂਬੇ ਦੀ ਪ੍ਰਤਿਭਾ ਲਈ ਘਾਤਕ ਸਾਬਤ ਹੋਵੇਗਾ।’ ਦੱਸਣਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਸਣੇ ਗੈਂਗਵਾਰ ਦੀਆਂ ਕੁਝ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਸੂਬੇ ’ਚ ਨਿੱਤ ਗੋਲੀਬਾਰੀ ਜਾਂ ਆਪਸੀ ਰੰਜਿਸ਼ ਕਰਕੇ ਇਕ-ਦੋ ਜਣਿਆਂ ਦੀ ਮੌਤ ਹੋ ਰਹੀ ਹੈ। ਅਜਿਹੇ ਹਾਲਾਤਾਂ ਨੂੰ ਵੇਖਦਿਆਂ ਵਿਰੋਧੀ ਧਿਰ ਵੱਲੋਂ ਸੂਬੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਦੇ ਮੁੱਦੇ ’ਤੇ ਮੌਜੂਦਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜਦਕਿ ਪੰਜਾਬ ਵਿੱਚ ‘ਆਪ’ ਸਰਕਾਰ ਲਗਾਤਾਰ ਅਮਨ ਅਤੇ ਕਾਨੂੰਨੀ ਦੀ ਸਥਿਤੀ ਨੂੰ ਬਰਕਰਾਰ ਰੱਖਣ ਦਾ ਦਾਅਵਾ ਕਰ ਰਹੀ ਹੈ।