ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਫਰਵਰੀ
ਦਿੱਲੀ ਟਰੈਕਟਰ ਪਰੇਡ ਦੌਰਾਨ ਮਾਰੇ ਗਏ ਨੌਜਵਾਨ ਨਵਰੀਤ ਸਿੰਘ ਅਤੇ ਕਿਸਾਨ ਕੈਂਪ ’ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਸਮੇਤ ਹੋਰ ਕੇਸਾਂ ਵਿਚ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲਾਂ ਵੱਲੋਂ ਲੋੜੀਂਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਮਗਰੋਂ ਲੋੜ ਮੁਤਾਬਕ ਕੇਸ ਦਾਇਰ ਕੀਤੇ ਜਾਣਗੇ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਨਵਰੀਤ ਸਿੰਘ, ਰਣਜੀਤ ਸਿੰਘ ਅਤੇ ਨੌਦੀਪ ਕੌਰ ਦੇ ਮਾਮਲੇ ਵਿੱਚ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੌਰਾਨ ਦਿੱਲੀ ਟਰੈਕਟਰ ਪਰੇਡ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਸਬੰਧੀ ਹੁਣ ਤਕ 122 ਵਿਅਕਤੀ ਗ੍ਰਿਫ਼ਤਾਰ ਕਰਨ ਸਮੇਤ ਦਿੱਲੀ ਪੁਲੀਸ ਵੱਲੋਂ ਵੱਖ ਵੱਖ ਥਾਣਿਆਂ ਵਿੱਚ 44 ਕੇਸ ਦਰਜ ਕੀਤੇ ਗਏ ਹਨ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੀ ਅਗਵਾਈ ਹੇਠ ਕੁਝ ਦਿਨ ਦਿੱਲੀ ਰਹਿ ਕੇ ਆਏ ਮੁੱਖ ਜਾਂਚਕਰਤਾ ਵਕੀਲ ਸਰਬਜੀਤ ਸਿੰਘ ਨੇ ਆਖਿਆ ਕਿ ਇਹ ਤਿੰਨੋਂ ਮਾਮਲੇ ਉਚੇਚੇ ਧਿਆਨ ਦੀ ਮੰਗ ਕਰਦੇ ਹਨ। ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਕਾਰਨ ਹੋਈ, ਜਦੋਂਕਿ ਦਿੱਲੀ ਪੁਲੀਸ ਦਾ ਦਾਅਵਾ ਹੈ ਕਿ ਉਸ ਨੇ ਗੋਲੀ ਨਹੀਂ ਚਲਾਈ। ਕਿਸਾਨ ਕੈਂਪ ’ਤੇ ਹਮਲੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਦੀ ਪੁਲੀਸ ਵੱਲੋਂ ਲੋਕਾਂ ਵਿਚਾਲੇ ਕੁੱਟਮਾਰ ਕੀਤੀ ਗਈ ਹੈ, ਜਦੋਂਕਿ ਹਮਲੇ ਦੌਰਾਨ ਉਸ ਨੇ ਆਪਣੀ ਜਾਨ ਬਚਾਉਣ ਵਾਸਤੇ ਕਿਰਪਾਨ ਕੱਢੀ ਸੀ। ਕੁੰਡਲੀ ਮੋਰਚੇ ਦੌਰਾਨ ਨੌਦੀਪ ਕੌਰ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਤਿੰੰਨੋਂ ਮਾਮਲੇ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ।
ਮਨੁੱਖੀ ਅਧਿਕਾਰਾਂ ਸਬੰਧੀ ਵਕੀਲ ਅਤੇ ਕਿਸਾਨਾਂ ਵੱਲੋਂ ਬਣਾਈ ਵਕੀਲਾਂ ਦੀ ਕਮੇਟੀ ਦੇ ਮੈਂਬਰ ਐਡਵੋਕੇਟ ਨਵਕਿਰਨ ਸਿੰਘ ਨੇ ਆਖਿਆ ਕਿ ਵਕੀਲਾਂ ਦੀ ਕਮੇਟੀ ਵੱਲੋਂ ਹਿੰਸਕ ਘਟਨਾਵਾਂ ਸਬੰਧੀ ਸਾਰੇ ਮਾਮਲਿਆਂ ਵਿੱਚ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਕੇਸਾਂ ਵਿੱਚ ਪੁਖਤਾ ਸਬੂਤ ਮਿਲੇ ਹਨ, ਉਨ੍ਹਾਂ ਸਬੰਧੀ ਅਦਾਲਤ ਵਿੱਚ ਸਿੱਧੀ ਸ਼ਿਕਾਇਤ ਦਰਜ ਕੀਤੀ ਜਾਵੇਗੀ ਅਤੇ ਜਿਨ੍ਹਾਂ ਮਾਮਲਿਆਂ ਵਿੱਚ ਸਬੂਤਾਂ ਦੀ ਘਾਟ ਹੈ, ਉਨ੍ਹਾਂ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵਰੀਤ ਸਿੰਘ ਅਤੇ ਰਣਜੀਤ ਸਿੰਘ ਦੇ ਮਾਮਲੇ ਵਿੱਚ ਪੁਖਤਾ ਸਬੂਤ ਮਿਲੇ ਹਨ। ਨਵਰੀਤ ਸਿੰਘ ਦੀ ਗਰਦਨ ਵਿੱਚ ਗੋਲੀ ਲੱਗੀ ਸੀ, ਜੋ ਦੂਸਰੇ ਪਾਸਿਉਂ ਬਾਹਰ ਨਿਕਲ ਗਈ ਅਤੇ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਦੇ ਮਾਮਲੇ ਵਿੱਚ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਬਣਾਏ ਗਏ ਕੈਂਪ ਵਿੱਚ ਲਾਪਤਾ ਲੋਕਾਂ ਦੇ ਪਰਿਵਾਰ ਲਗਾਤਾਰ ਪੁੱਜ ਰਹੇ ਹਨ ਅਤੇ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਾਰਵਾਈ ਜਾਰੀ ਹੈ।
ਕਿਸਾਨਾਂ ’ਤੇ ਝੂਠੇ ਕੇਸ ਦਰਜ ਕਰਨ ਦੀ ਨਿਖੇਧੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸੀਪੀਆਈ ਦੇ ਆਗੂ ਐਡਵੋਕੇਟ ਰਾਜਿੰਦਰ ਮੰਡ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਏਕੇ ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਮਜ਼ਦੂਰ ਕਾਰਕੁਨ ਨੌਦੀਪ ਕੌਰ ਨੂੰ ਪੁਲੀਸ ਵੱਲੋਂ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰ ਕਰਕੇ ਹਿਰਾਸਤ ਰੱਖਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਦਿੱਲੀ ਮੋਰਚਿਆਂ ਵਿੱਚ ਲਾਪਤਾ ਤੇ ਪੁਲੀਸ ਦੇ ਜ਼ੁਲਮਾਂ ਦੇ ਸ਼ਿਕਾਰ ਹੋਏ ਲੋਕਾਂ ਦੇ ਕੇਸ ਵਕੀਲਾਂ ਦੀ ਟੀਮ ਵੱਲੋਂ ਲੜੇ ਜਾਣਗੇ। ਜਥੇਬੰਦੀਆਂ ਦੇ ਆਗੂਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਨੇਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਏਕੇ ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਮਜ਼ਦੂਰ ਕਾਰਕੁਨ ਨੌਦੀਪ ਕੌਰ ਨੂੰ ਪੁਲੀਸ ਵੱਲੋਂ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਕੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ ਹੈ। ਪੁਲੀਸ ਦੀ ਇਹ ਗੈਰਕਾਨੂੰਨੀ ਕਾਰਵਾਈ ਲੋਕਾਂ ਦੇ ਹੱਕਾਂ ਤੇ ਹਿੱਤਾਂ ਲਈ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਉੱਪਰ ਹਮਲਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ, ਮਹਿਲਾ ਕਮਿਸ਼ਨ ਤੇ ਦਲਿਤ ਕਮਿਸ਼ਨ ਪੁਲੀਸ ਦੀਆਂ ਮਨਮਾਨੀਆਂ ਪ੍ਰਤੀ ਅੱਖਾਂ ਬੰਦ ਕਰੀ ਬੈਠੇ ਹਨ। ਜਮਹੂਰੀ ਅਧਿਕਾਰ ਸਭਾ ਨੇ ਮੰਗ ਕੀਤੀ ਕਿ ਨੌਦੀਪ ਕੌਰ ਨੂੰ ਤੁਰੰਤ ਰਿਹਾ ਕੀਤਾ ਜਾਵੇ। ਉਸ ਵਿਰੁੱਧ ਦਰਜ ਸਾਰੇ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।