ਜਗਮੋਹਨ ਸਿੰਘ
ਰੂਪਨਗਰ, 13 ਅਕਤੂਬਰ
ਸਿੰਘ ਭਗਵੰਤ ਪੁਰ ਵਿੱਚ ਅੱਜ ਮੈਡੀਕਲ ਸਟੋਰ ਮਾਲਕਾਂ ਅਤੇ ਇਲਾਕੇ ਦੀ ਅਮਨ ਸ਼ਾਂਤੀ ਕਮੇਟੀ ਦੀ ਸਾਂਝੀ ਮੀਟਿੰਗ ਥਾਣਾ ਮੁਖੀ ਹਰਪ੍ਰੀਤ ਸਿੰਘ ਮਾਹਲ ਦੀ ਹਾਜ਼ਰੀ ਵਿੱਚ ਹੋਈ। ਮੀਟਿੰਗ ਦੌਰਾਨ ਸਿੰਘ ਭਗਵੰਤਪੁਰ, ਸ਼ਾਲਾਪੁਰ, ਧਨੌਰੀ ਅਤੇ ਹੋਰ ਨੇੜਲੇ ਇਲਾਕਿਆਂ ਦੇ ਮੈਡੀਕਲ ਸਟੋਰ ਮਾਲਕ ਸ਼ਾਮਲ ਹੋਏ। ਅਮਨ ਸ਼ਾਂਤੀ ਕਮੇਟੀ ਦੇ ਮੈਂਬਰਾਂ ਨੇ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਅਮਨ ਸ਼ਾਂਤੀ ਬਣਾਈ ਰੱਖਣ ਲਈ ਇਲਾਕੇ ਅੰਦਰ ਗਲਤ ਦਵਾਈਆਂ ਦੀ ਵਿਕਰੀ ਰੋਕਣਾ ਜ਼ਰੂਰੀ ਹੈ। ਉਨ੍ਹਾਂ ਅਜਿਹੇ ਵਰਤਾਰੇ ਨੂੰ ਸਖਤੀ ਨਾਲ ਰੋਕਣ ਦੀ ਮੰਗ ਕੀਤੀ। ਥਾਣਾ ਮੁਖੀ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਮੈਡੀਕਲ ਸਟੋਰ ਮਾਲਕ ਨਸ਼ੀਲੀਆਂ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਸਟੋਰ ਮਾਲਕਾਂ ਨੇ ਪੁਲੀਸ ਅਤੇ ਅਮਨ ਸ਼ਾਂਤੀ ਕਮੇਟੀ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕੋਈ ਵੀ ਮੈਡੀਕਲ ਸਟੋਰ ਮਾਲਕ ਨਸ਼ੀਲੀਆਂ ਦਵਾਈਆਂ ਨਹੀਂ ਵੇਚੇਗਾ। ਇਸ ਮੌਕੇ ਅਮਨ ਸ਼ਾਂਤੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੈੜੀਆਂ, ਕ੍ਰਿਸ਼ਨ ਕੁਮਾਰ ਮੰਦਵਾੜਾ, ਰਵਿੰਦਰ ਸਿੰਘ ਗੰਧੋਂ, ਨਿਰਵੈਰ ਸਿੰਘ ਚੈੜੀਆਂ ਤੇ ਗੁਰਪ੍ਰੀਤ ਸਿੰਘ ਲੁਹਾਰੀ ਆਦਿ ਹਾਜ਼ਰ ਸਨ।