ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਜਨਵਰੀ
ਮਜੀਠਾ ਵਿਧਾਨ ਸਭਾ ਹਲਕੇ ਦੇ ਨਾਲ ਹੁਣ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਇਸ ਹਲਕੇ ਦੇ ਕਾਂਗਰਸੀ ਗੜ੍ਹ ਵਿਚ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਜ ਵੀ ਕਈ ਕਾਂਗਰਸੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ।
ਸ੍ਰੀ ਮਜੀਠੀਆ ਇਸ ਹਲਕੇ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਲੜ ਰਹੇ ਹਨ। ਸਿੱਧੂ ਪਰਿਵਾਰ ਪਿਛਲੇ ਦਸ ਸਾਲਾਂ ਤੋਂ ਇਸ ਹਲਕੇ ’ਤੇ ਕਾਬਜ਼ ਹੈ ਅਤੇ ਇਸ ਵਾਰ ਆਪਣੀ ਹੈਟ੍ਰਿਕ ਬਣਾਉਣ ਲਈ ਮੁੜ ਮੈਦਾਨ ਵਿੱਚ ਹੈ। 2012 ਵਿੱਚ ਡਾ. ਨਵਜੋਤ ਕੌਰ ਸਿੱਧੂ ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਵਜੋਂ ਚੋਣ ਜਿੱਤੇ ਸਨ ਤੇ 2017 ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਮੁਕਾਬਲਾ ਕਰਨ ਲਈ ਇਸ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ, ਜਿਸ ਕਾਰਨ ਇਹ ਮੁਕਾਬਲਾ ਰੋਚਕ ਬਣ ਗਿਆ ਹੈ। ਦੋਵੇਂ ਸਿਆਸੀ ਆਗੂਆਂ ਦੀ ਇਕ ਦੂਜੇ ਖ਼ਿਲਾਫ਼ ਦੂੂਸ਼ਣਬਾਜ਼ੀ ਨਾਲ ਸਿਆਸੀ ਅਖਾੜਾ ਭਖ਼ਣ ਲਗ ਪਿਆ ਹੈ। ਸ੍ਰੀ ਮਜੀਠੀਆ ਨੇ ਅੱਜ ਇਸ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਵੀਨ ਸਰੀਨ ਅਤੇ ਸਾਬਕਾ ਕਾਂਗਰਸੀ ਕੌਂਸਲਰ ਓਮ ਪ੍ਰਕਾਸ਼ ਭਾਟੀਆ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਆਪਣੇ ਨਾਲ ਜੋੜਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਬੀਤੇ ਕੱਲ ਉਨ੍ਹਾਂ ਵਾਰਡ ਨੰਬਰ 22 ਦੇ ਕੌਂਸਲਰ ਜਸਵਿੰਦਰ ਸਿੰਘ ਪਹਿਲਵਾਨ ਤੇ ਹੋਰਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ। ਅੱਜ ਮੁੜ ਕੌਂਸਲਰ ਜਸਵਿੰਦਰ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਉਸ ਦੇ ਕਈ ਸਮਰਥਕ ਪਰਿਵਾਰਾਂ ਸਣੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।
ਸਿੱਧੂ ਨੇ ਵੱਲਾ ਡੰਪ ਤੇ ਜੌੜਾ ਫਾਟਕ ਦੇ ਮੁੱਦੇ ’ਤੇ ਕੀਤੀ ਸਿਆਸਤ: ਮਜੀਠੀਆ
ਹਲਕੇ ਦਾ ਦੌਰਾ ਕਰਦਿਆਂ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਸ੍ਰੀ ਸਿੱਧੂ ਨੇ ਹਲਕਾ ਪੂਰਬੀ ਦੇ ਅਹਿਮ ਪ੍ਰਾਜੈਕਟ ਵੱਲਾ ਡੰਪ ਤੇ ਜੌੜਾ ਫਾਟਕ ਵਰਗੇ ਮੁੱਦਿਆਂ ’ਤੇ ਸਿਰਫ਼ ਸਿਆਸਤ ਕੀਤੀ ਹੈ। ਇਸੇ ਕਾਰਨ ਲੋਕ ਉਸ ਨੂੰ ਛੱਡ ਕੇ ਆ ਰਹੇ ਹਨ। ਉਨ੍ਹਾਂ ਪ੍ਰੀਤ ਨਗਰ, ਤਹਿਸੀਲਪੁਰਾ, ਵਾਰਡ ਨੰਬਰ 28 ਤੇ ਹੋਰ ਥਾਵਾਂ ’ਤੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਆਉਣ ’ਤੇ ਹਲਕੇ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾਣਗੇ।