ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਫਾਦਰ ਆਫ਼ ਫਾਈਬਰ ਆਪਟਿਕਸ’ ਵਜੋਂ ਜਾਣੇ ਜਾਂਦੇ ਉੱਘੇ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦਾ ਅੱਜ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਦੱਸਣਯੋਗ ਹੈ ਕਿ ਡਾ. ਕਪਾਨੀ ਦੁਨੀਆ ਦੇ ਦਸ ਸਭ ਤੋਂ ਮੰਨੇ-ਪ੍ਰਮੰਨੇ ਸਿੱਖਾਂ ਵਿਚੋਂ ਇਕ ਸਨ। ਉਨ੍ਹਾਂ ਨੂੰ ‘ਫਾਰਚੂਨ’ ਰਸਾਲੇ ਨੇ ਸਦੀ ਦਾ ਕਾਰੋਬਾਰੀ ਤੇ ਦੁਨੀਆ ਦੇ ਸੱਤ ‘ਲੁਕੇ ਨਾਇਕਾਂ’ ਵਿਚੋਂ ਇਕ ਐਲਾਨਿਆ ਸੀ। ਮੋਗਾ ਵਿਚ ਜਨਮੇ ਡਾ. ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉੱਚ ਸਿੱਖਿਆ ਉਨ੍ਹਾਂ ਇੰਪੀਰੀਅਲ ਕਾਲਜ ਲੰਡਨ ਤੋਂ ਹਾਸਲ ਕੀਤੀ। 1955 ਵਿਚ ਉਹ ਯੂਨੀਵਰਸਿਟੀ ਆਫ਼ ਲੰਡਨ ਤੋਂ ਡਾਕਟਰੇਟ ਕਰ ਕੇ ਅਮਰੀਕਾ ਚਲੇ ਗਏ ਤੇ ਉੱਥੇ ਵਿਗਿਆਨੀ ਵੱਜੋਂ ਕਾਫ਼ੀ ਨਾਮਣਾ ਖੱਟਿਆ। ਡਾ. ਕਪਾਨੀ ਨੇ ਫਾਈਬਰ ਆਪਟਿਕਸ ਕਮਿਊਨੀਕੇਸ਼ਨ, ਲੇਜ਼ਰ, ਬਾਇਓ-ਮੈਡੀਕਲ ਖੇਤਰ, ਸੌਰ ਊਰਜਾ ਤੇ ਪ੍ਰਦੂਸ਼ਣ ਨਿਗਰਾਨੀ ਦੇ ਖੇਤਰ ਵਿਚ ਖੋਜ ਕਾਰਜ ਕੀਤਾ। 100 ਤੋਂ ਵੱਧ ਪੇਟੈਂਟ ਉਨ੍ਹਾਂ ਦੇ ਨਾਂ ਉਤੇ ਰਜਿਸਟਰ ਹੋਏ।