ਆਤਿਸ਼ ਗੁਪਤਾ
ਚੰਡੀਗੜ੍ਹ, 10 ਅਕਤੂਬਰ
ਲੋਕਧਾਰਾ ਅਤੇ ਭਾਸ਼ਾ ਵਿਗਿਆਨੀ ਪ੍ਰੋਫੈਸਰ ਸਤਿੰਦਰ ਕੌਰ ਔਲਖ ਦੀ ਯਾਦ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 36 ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ’ਚ ਪ੍ਰੋਫੈਸਰ ਹਰਜੀਤ ਗਿੱਲ ਦੀ ਅਗਵਾਈ ਹੇਠ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸੈਮੀਨਾਰ ਵਿੱਚ ਪੰਜਾਬ ਦੀ ਲੋਕਧਾਰਾ ਤੇ ਸੱਭਿਆਚਾਰਕ ਅਧਿਐਨ ਬਾਰੇ ਗੰਭੀਰ ਚਰਚਾ ਕੀਤੀ ਗਈ, ਜਿੱਥੇ ਪ੍ਰਸਿੱਧ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਮੰਡਲ ’ਚ ਜੈ ਰੂਪ ਸਿੰਘ, ਪ੍ਰੋ. ਅਰਵਿੰਦ, ਪ੍ਰੋ. ਹਰੀਸ਼ ਪੁਰੀ, ਹਰਬੰਸ ਸਿੰਘ ਸਿੱਧੂ, ਸੁਰਿੰਦਰ ਕੁਮਾਰੀ, ਡਾ. ਜਸਬੀਰ ਕੇਸਰ ਅਤੇ ਐਡਵੋਕੇਟ ਮਨਜੀਤ ਸਿੰਘ ਖਹਿਰਾ ਸ਼ਾਮਲ ਸਨ। ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਇਤਿਹਾਸ ਨੂੰ ਤਲਵਾਰਾਂ ਅਤੇ ਲੜਾਈ ਝਗੜਿਆਂ ਨਾਲ ਜੋੜ ਕੇ ਦਿਖਾਇਆ ਹੈ ਜਦਕਿ ਪੰਜਾਬ ਦੀ ਲੋਕਧਾਰਾ ਤੇ ਸੱਭਿਆਚਾਰਕ ਸਾਂਝ ਬਹੁਤ ਗੂੜ੍ਹੀ ਹੈ ਜਿਸ ਬਾਰੇ ਅਧਿਐਨ ਕਰ ਕੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਡਾ. ਸਵਰਾਜਬੀਰ ਨੇ ਦੱਸਿਆ ਕਿ ਇਤਿਹਾਸ ’ਚ ਵੱਖ-ਵੱਖ ਚੀਜ਼ਾਂ ਦੀ ਕਲਪਨਾ ਕੀਤੀ ਗਈ ਹੈ ਜਿਸ ਦਾ ਸਾਰੇ ਪੁਰਾਤਨ ਗ੍ਰੰਥਾਂ ’ਚ ਕਿਤੇ ਵੀ ਜ਼ਿਕਰ ਨਹੀਂ ਹੈ। ਡਾ. ਜਸਪਾਲ ਸਿੰਘ, ਡਾ. ਸਕੂਨ ਸਿੰਘ ਵੱਲੋਂ ਪੰਜਾਬ ਦੀ ਲੋਕਧਾਰਾ, ਭਾਸ਼ਾ ਅਤੇ ਸੱਭਿਆਚਾਰ ਬਾਰੇ ਕੀਤੇ ਅਧਿਐਨ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ’ਚ ਡਾ. ਸੁਰਜੀਤ ਲੀਅ, ਡਾ. ਨਾਹਰ ਸਿੰਘ, ਡਾ. ਗੁਰਮੀਤ ਸਿੰਘ, ਅਮੋਲਕ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਹਰਸਿਮਰਤ ਕੌਰ ਨੇ ਪ੍ਰੋਫੈਸਰ ਸਤਿੰਦਰ ਕੌਰ ਔਲਖ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਕਾਰਵਾਈ ਸੁਰਜੀਤ ਜੱਜ ਨੇ ਸਾਂਭੀ। ਸੁਖਦੇਵ ਸਿੰਘ ਸਿਰਸਾ ਨੇ ਆਏ ਹੋਏ ਬੁੱਧੀਜੀਵੀਆਂ ਅਤੇ ਲੇਖਕਾਂ ਦਾ ਸਵਾਗਤ ਕੀਤਾ ਜਦਕਿ ਡਾ. ਕੁਲਦੀਪ ਸਿੰਘ ਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲਕਸ਼ਮਣ ਸਿੰਘ ਸੇਵੇਵਾਲਾ, ਚਰਨ ਸਿੰਘ ਢੁੱਡੀਕੇ, ਡਾ. ਰਵਿੰਦਰ ਨਾਥ ਸ਼ਰਮਾ, ਕਾਮਰੇਡ ਸੱਜਣ ਸਿੰਘ, ਯਸ਼ਪਾਲ, ਪ੍ਰੋ. ਮਨਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਗੁਰਮੇਲ ਸਿੰਘ, ਲਾਭ ਸਿੰਘ ਖੀਵਾ, ਬਲਜਿੰਦਰ ਸਿੰਘ ਚਹਿਲ, ਪ੍ਰੋ. ਮਨਜੀਤ ਸ਼ਰਮਾ, ਰਾਜਿੰਦਰ ਸਿੰਘ, ਜਗਤਾਰ ਸਿੰਘ, ਡਾ. ਅਜਮੇਰ, ਡਾ. ਗਿੱਲ, ਗੁੱਲ ਚੌਹਾਨ, ਸੰਜੀਵ ਸਿੰਘ, ਅਵਤਾਰ ਸਿੰਘ ਪਾਲ, ਡਾ. ਨਵਰੀਤ ਕੇਸਰ, ਪ੍ਰੋ. ਕੁਲਦੀਪ ਪੁਰੀ, ਪ੍ਰੋ. ਰਾਜੇਸ਼, ਡਾ. ਪਰਵੀਨ ਅਤੇ ਹੋਰਨਾਂ ਸ਼ਖਸੀਅਤਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਵੀ ਪ੍ਰੋ. ਸਤਿੰਦਰ ਔਲਖ ਨੂੰ ਸ਼ਰਧਾਂਜਲੀ ਭੇਟ ਕੀਤੀ।