ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਅਗਸਤ
ਸਮਰਪਿਤ ਅਧਿਆਪਕ, ਅਗਾਂਹਵਧੂ ਕਵੀ ਅਤੇ ਸਥਾਪਤੀ ਵਿਰੋਧੀ ਪੱਤਰਕਾਰ ਪ੍ਰੋ. ਰਾਕੇਸ਼ ਰਮਨ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ 62 ਸਾਲਾਂ ਦੇ ਸਨ। ਪ੍ਰੋਫੈਸਰ ਰਾਕੇਸ਼ ਰਮਨ ਨੇ ਆਪਣੇ ਘਰ ਮੁੱਲਾਂਪੁਰ ਵਿੱਚ ਆਖ਼ਰੀ ਸਾਹ ਲਿਆ। ਉਹ ਪਿਛਲੇ ਕੁਝ ਅਰਸੇ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਅੱਜ ਸ਼ਾਮ ਮੁੱਲਾਂਪੁਰ ਵਿੱਚ ਹੀ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਕਰੋਨਾ ਦੀਆਂ ਪਾਬੰਦੀਆਂ ਕਾਰਨ ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਸੀਮਤ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉਨ੍ਹਾਂ ਦੇ ਪੁੱਤਰ ਪ੍ਰੋ. ਨਵੀਨ ਕੁਮਾਰ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਤੇਲੂ ਰਾਮ ਬਾਂਸਲ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਹਰਕੇਸ਼ ਚੌਧਰੀ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।
ਚੰਡੀਗੜ੍ਹ (ਪੱਤਰ ਪ੍ਰੇਰਕ): ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਅਸੀਂ ਬਹੁਤ ਸੰਭਾਵਨਾਵਾਂ ਵਾਲੇ ਚੇਤਨ ਲੇਖਕ ਤੋਂ ਵਾਂਝੇ ਹੋ ਗਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਗ਼ਮ ਦੀ ਇਸ ਘੜੀ ਵਿੱਚ ਪ੍ਰੋ. ਰਮਨ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰੋ. ਰਮਨ ਅੱਸੀਵਿਆਂ ’ਚ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਮੋਰਚੇ ਤੋਂ ਬਾਹਰ’ ਦੀਆਂ ਨਜ਼ਮਾਂ ਨਾਲ ਚਰਚਾ ਵਿੱਚ ਆਏ ਸਨ। ਕਿੱਤੇ ਵਜੋਂ ਪੰਜਾਬੀ ਦੇ ਅਧਿਆਪਕ ਪ੍ਰੋ. ਰਮਨ ਨੇ ਸਰਕਾਰੀ ਕਾਲਜ ਢੁੱਡੀਕੇ ਅਤੇ ਸਰਕਾਰੀ ਸਾਇੰਸ ਕਾਲਜ ਜਗਰਾਉਂ ’ਚ ਸੇਵਾਵਾਂ ਦਿੱਤੀਆਂ।
ਉਨ੍ਹਾਂ ਨੇ ਸੱਤ ਕਾਵਿ-ਸੰਗ੍ਰਹਿ, ਦੋ ਨਾਟਕ, ਇੱਕ ਕਹਾਣੀ ਸੰਗ੍ਰਹਿ ਅਤੇ ਇੱਕ ਮੁਲਾਕਾਤਾਂ ਦੀ ਕਿਤਾਬ ‘ਸੰਵਾਦ ਦੇ ਪਲ’ ਸੰਪਾਦਿਤ ਕੀਤੀ। ‘ਮੋਰਚੇ ਤੋਂ ਬਾਹਰ’, ‘ਬੂੰਦ ਬੂੰਦ ਬਰਸਾਤ’, ‘ਪੁਲਾਂ ਦੇ ਟੁੱਟ ਜਾਣ ਮਗਰੋਂ’, ‘ਤਾਲਾ’, ‘ਨਦੀ ਕਿਹਾ’, ‘ਪ੍ਰਾਬਲਮਮੈਨ’ ਅਤੇ ‘ਹੱਦ’ ਟੱਪ ਆਏ ਜਰਵਾਣੇ’ ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੇ ਨਾਮ ਹਨ। ‘ਰੰਗ ਮਜੀਠੀ’ ਉਨ੍ਹਾਂ ਦਾ ਕਹਾਣੀ ਸੰਗ੍ਰਹਿ ਹੈ। ਗ਼ਦਰ ਲਹਿਰ ਬਾਰੇ ਲਿਖੇ ਉਸ ਦੇ ਨਾਟਕ ਦਾ ਨਾਮ ਹੈ ‘ਗਾਥਾ-ਇ-ਗ਼ਦਰ’। ਆਗੂਆਂ ਨੇ ਪ੍ਰੋ. ਰਾਕੇਸ਼ ਰਮਨ ਦੀ ਮੌਤ ਉਤੇ ਡੂੰਘਾ ਦੁੱਖ ਜ਼ਾਹਰ ਕੀਤਾ।