ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਕਤੂਬਰ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਪ੍ਰੋਫ਼ੈਸਰ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ ਪੰਜਾਬੀ ਭਵਨ ਵਿੱਚ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਦਮੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਦੌਰਾਨ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ 20ਵੀਂ ਸਦੀ ਦਾ ਯੁੱਗ ਕਵੀ ਸੀ, ਜਿਸ ਨੇ ਲੋਕ ਪੀੜਾ ਤੇ ਨਿੱਜੀ ਵੇਦਨਾ ਨੂੰ ਸਾਂਝੇ ਰੂਪ ਵਿੱਚ ਪੇਸ਼ ਕੀਤਾ। ਉਹ ਵਿਕਾਸ ਦਾ ਕਵੀ ਹੈ, ਜਿਸ ਨੇ ਰਾਗ ਅਤੇ ਸੰਗੀਤ ਵਿੱਚ ਗੁੰਨਿਆ ਮਾਨਵਤਾ ਦਾ ਗੀਤ ਗਾਇਆ।
ਭਾਸ਼ਨ ਮਗਰੋਂ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤ੍ਰੈਲੋਚਨ ਲੋਚੀ ਨੇ ਨਿਭਾਈ। ਕਵੀ ਦਰਬਾਰ ਵਿੱਚ ਸੁਰਜੀਤ ਜੱਜ, ਡਾ. ਗੁਰਮਿੰਦਰ ਕੌਰ ਸਿੱਧੂ, ਡਾ. ਗੁਰਚਰਨ ਕੌਰ ਕੋਚਰ, ਸੁਸ਼ੀਲ ਦੋਸਾਂਝ, ਅਰਤਿੰਦਰ ਸੰਧੂ, ਵਿਸ਼ਾਲ, ਡਾ. ਰਾਮ ਮੂਰਤੀ, ਜਸਬੀਰ ਝੱਜ, ਡਾ. ਰਵਿੰਦਰ ਬਟਾਲਾ, ਕਰਮਜੀਤ ਗਰੇਵਾਲ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਕਮਲਜੀਤ ਨੀਲੋਂ, ਦਲਜਿੰਦਰ ਰਹਿਲ, ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ ਤੇ ਬਲਵਿੰਦਰ ਸੰਧੂ ਸ਼ਾਮਲ ਹੋਏ। ਇਸ ਮੌਕੇ ਇੱਕੀ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ।
ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਅੱਜ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਅਕਾਦਮੀ ਲਈ ਮਾਣ ਦੀ ਗੱਲ ਹੈ। ਮੁੱਖ ਮਹਿਮਾਨ ਡਾ. ਪਾਤਰ ਨੇ ਕਿਹਾ ਕਿ ਉਨ੍ਹਾਂ ਦੀ ਕਵਿਤਾ ’ਚ ਬੇਮਿਸਾਲ ਸ਼ਬਦਾਂ ਦੀ ਰੇਂਜ ਅਤੇ ਭਾਸ਼ਾ ਦਾ ਤੇਵਰ ਕਮਾਲ ਦਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਮਨਾ ਕੇ ਅਕਾਦਮੀ ਨੇ ਆਪਣਾ ਫ਼ਰਜ਼ ਨਿਭਾਇਆ। ਉਹ ਛੇ ਸਾਲ ਅਕਾਦਮੀ ਦੇ ਜਨਰਲ ਸਕੱਤਰ ਰਹੇ ਤੇ ਅਕਾਦਮੀ ਦੀ ਮੌਜੂਦਾ ਬਿਲਡਿੰਗ ਉਨ੍ਹਾਂ ਦੀ ਨਿਗਰਾਨੀ ’ਚ ਬਣੀ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਡੀ ਪੀੜ੍ਹੀ ਪ੍ਰੋ. ਮੋਹਨ ਸਿੰਘ ਨੂੰ ਪੜ੍ਹਦਿਆਂ ਜਵਾਨ ਹੋਈ ਤੇ ਹੁਣ ਵੀ ਉਨ੍ਹਾਂ ਦੀ ਕਵਿਤਾ ਸਾਫੇ ਅੰਗ ਸੰਗ ਹੈ। ਇਸ ਮੌਕੇ ਵੱਡੀ ਗਿਣਤੀ ਲੇਖਕ ਤੇ ਸਰੋਤੇ ਹਾਜ਼ਰ ਸਨ।