ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਦਸੰਬਰ
ਜੇਲ੍ਹ ਵਿਚ ਬੰਦ ਪ੍ਰੋ. ਜੀਐਨ ਸਾਈਂ ਬਾਬਾ ਦੀ ਪਤਨੀ ਸ੍ਰੀਮਤੀ ਵਸੰਥਾ ਨੇ ਇਥੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਕਰਵਾਈ ਗਈ ਕਨਵੈਨਸ਼ਨ ਦੌਰਾਨ ਪਤੀ ਲਈ ਇਨਸਾਫ਼ ਮੰਗਿਆ। ਉਨ੍ਹਾਂ ਨੇ ਜੇਲ੍ਹ ਵਿਚ ਬੰਦ ਆਪਣੇ ਪਤੀ ’ਤੇ ਹੋ ਰਹੀਆਂ ਵਧੀਕੀਆਂ ਦਾ ਵੀ ਖੁਲਾਸਾ ਕੀਤਾ। ਉਹ ਇੱਥੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਕਰਵਾਈ ਗਈ ਘੱਟ ਗਿਣਤੀਆਂ ਦੀ ਇਕ ਕਨਵੈਨਸ਼ਨ ਵਿਚ ਸ਼ਾਮਲ ਹੋਣ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰੋ. ਜੀਐੱਨ ਸਾਈਂ ਬਾਬਾ ਪਹਿਲਾਂ ਹੀ ਵ੍ਹੀਲ ਚੇਅਰ ’ਤੇ ਹਨ ਅਤੇ ਹੁਣ ਜੇਲ੍ਹ ਦੌਰਾਨ ਉਨ੍ਹਾਂ ਦਾ ਖੱਬਾ ਹੱਥ ਵੀ ਲਗਪਗ ਨਕਾਰਾ ਹੋ ਗਿਆ ਹੈ। ਉਹ ਇਸ ਵੇਲੇ ਦਿਲ ਦੇ ਰੋਗ, ਪਿੱਤੇ ਤੇ ਗੁਰਦੇ ਵਿਚ ਪੱਥਰੀ ਦੀ ਸ਼ਿਕਾਇਤ, ਹਾਈਪਰਟੈਂਸ਼ਨ ਆਦਿ ਬਿਮਾਰੀਆਂ ਨਾਲ ਪੀੜਤ ਹਨ। ਕਸ਼ਮੀਰ ਦੇ ਮੁਸਲਿਮ ਆਗੂ ਮਰਹੂਮ ਐਸਏਆਰ ਗਿਲਾਨੀ ਦੇ ਬੇਟੇ ਆਤਿਫ ਗਿਲਾਨੀ ਨੂੰ ਉਸ ਦੇ ਪਿਤਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਨਾਗਾ ਆਗੂਆਂ ਵੱਲੋਂ ਉਥੇ ਲੋਕਾਂ ’ਤੇ ਹੋ ਰਹੀ ਵਧੀਕੀ ਬਾਰੇ ਜਾਣਕਾਰੀ ਦਿੱਤੀ ਗਈ। ਕਸ਼ਮੀਰ ਦੀ ਆਵਾਮੀ ਇਤਿਹਾਦ ਪਾਰਟੀ ਦੇ ਬੁਲਾਰੇ ਸ਼ੀਬਾਨ, ਤ੍ਰਿਪੁਰਾ ਪੀਪਲ ਫਰੰਟ ਦੇ ਮੀਤ ਪ੍ਰਧਾਨ ਮਨਹਾਰੀ ਜਮਾਤੀਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਕੁਮਾਰ ਸੰਜੈ ਸਿੰਘ, ਤਾਮਿਲਰ ਕੱਚੀ ਦੇ ਆਗੂ ਸ਼ੀਮਾਨ ਨੇ ਉਨ੍ਹਾਂ ਦੇ ਸੂਬਿਆਂ ’ਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਜ਼ਿਕਰ ਕੀਤਾ।