ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 29 ਜਨਵਰੀ
ਪਿਛਲੇ 26 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਪੰਥਕ ਜਥੇਬੰਦੀਆਂ ਨੇ ਪਿੰਡ ਰੋਡੇ (ਮੋਗਾ) ਤੋਂ ਪ੍ਰੋ. ਭੁੱਲਰ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਤੱਕ ਰੋਸ ਮਾਰਚ ਕੀਤਾ। ਮਾਰਚ ਵਿੱਚ ਸ਼ਾਮਲ ਸੰਗਤਾਂ ਦੇ ਹੱਥ ਵਿੱਚ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।
ਦਰਬਾਰ-ਏ-ਖਾਲਸਾ ਦੇ ਆਗੂ ਭਾਈ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਇਹ ਮਾਰਚ ਅਰਦਾਸ ਉਪਰੰਤ ਗੁਰਦੁਆਰਾ ਸੰਤ ਖਾਲਸਾ ਸਾਹਿਬ ਪਿੰਡ ਰੋਡੇ ਤੋਂ ਚੱਲ ਕੇ ਪਿੰਡ ਨੱਥੂਵਾਲਾ, ਲੰਗੇਆਣਾ, ਬਾਘਾ ਪੁਰਾਣਾ, ਰਾਜੇਆਣਾ, ਬੁੱਧ ਸਿੰਘ ਵਾਲਾ, ਚੰਨੂਵਾਲਾ, ਸੰਗਤਪੁਰਾ, ਥਰਾਜ, ਭਗਤਾ ਭਾਈ, ਜਲਾਲ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਜ਼ਫਰਨਾਮਾ ਸਾਹਿਬ ਦਿਆਲਪੁਰਾ ਭਾਈਕਾ ਵਿੱਚ ਸਮਾਪਤ ਹੋਇਆ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ, ਕੈਪਟਨ ਹਰਚਰਨ ਸਿੰਘ ਰੋਡੇ, ਬਾਪੂ ਹਰਦੀਪ ਸਿੰਘ ਡਬਿਡਬਿਾ, ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਢਪਾਲੀ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਹਰਪਾਲ ਸਿੰਘ ਖਾਰਾ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਕੁਲਵੰਤ ਸਿੰਘ ਰਾਊਕੇ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਪਣੀ ਸਜ਼ਾ ਪੂਰੀ ਕਰਨ ਦੇ ਬਾਅਦ ਵੀ ਪ੍ਰੋ. ਭੁੱਲਰ ਸਮੇਤ ਅਨੇਕਾਂ ਸਿੱਖ ਕੈਦੀ ਅਜੇ ਵੀ ਜੇਲ੍ਹਾਂ ’ਚ ਬੰਦ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫਾਈਲ ਨੂੰ ਰੱਦ ਕਰਨ ਨਾਲ ਸੰਗਤ ਵਿੱਚ ਭਾਰੀ ਰੋਸ ਹੈ। ਪੰਥਕ ਆਗੂਆਂ ਨੇ ਕਿਹਾ ਕਿ ਪ੍ਰੋ. ਭੁੱਲਰ ਦੇ ਪਰਿਵਾਰ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਲਦ ਹੀ ਰਿਹਾਈ ਦੀ ਇਸ ਮੁਹਿੰਮ ਨੂੰ ਹੋਰ ਵਿਸ਼ਾਲ ਕਰਨ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।