ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਅਹਿਮ ਪ੍ਰਾਪਤੀ ਦਰਜ ਕਰਦਿਆਂ ਓਪੀਯੂ ਆਈਵੀਐੱਫ (ਮਸਨੂਈ ਗਰਭਧਾਰਨ ਤੇ ਭਰੂਣ ਤਬਾਦਲਾ) ਤਕਨੀਕ ਰਾਹੀਂ ਗਾਵਾਂ ਦੀ ਦੇਸੀ ਨਸਲ ਸਾਹੀਵਾਲ ਦੀ ਵੱਛੀ ਪੈਦਾ ਕੀਤੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਭਰੂਣ ਤਬਾਦਲਾ ਤਕਨੀਕ ਦੇ ਵਿਗਿਆਨੀਆਂ ਡਾ. ਨਰਿੰਦਰ ਸਿੰਘ ਅਤੇ ਗੁਰਜੋਤ ਕੌਰ ਮਾਵੀ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਇਸ ਵਿਧੀ ਨਾਲ ਪੈਦਾ ਹੋਈ ਇਹ ਪਹਿਲੀ ਵੱਛੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਭਾਰਤ ਦੀਆਂ ਕੁਝ ਚੋਣਵੀਆਂ ਪ੍ਰਯੋਗਸ਼ਾਲਾਵਾਂ ਹੀ ਇਸ ਤਕਨੀਕ ਰਾਹੀਂ ਵੱਛੜੇ-ਕੱਟੜੂ ਪੈਦਾ ਕਰਨ ਵਿੱਚ ਸਫ਼ਲ ਹੋ ਸਕੀਆਂ ਹਨ, ਜਿਨ੍ਹਾਂ ਵਿੱਚ ਹੁਣ ਇਸ ਯੂਨੀਵਰਸਿਟੀ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਭਰੂਣ ਤਬਾਦਲਾ ਤਕਨੀਕ ਦੀ ਮਸਨੂਈ ਗਰਭਧਾਰਨ ਵਿਧੀ ਰਾਹੀਂ 37 ਗਰਭਧਾਰਨ ਕਰਵਾਏ ਹਨ, ਜਿਨ੍ਹਾਂ ਤੋਂ ਆਉਂਦੇ ਕੁੱਝ ਸਮੇਂ ਵਿੱਚ ਵੱਛੀਆਂ ਜਾਂ ਵੱਛੇ ਪੈਦਾ ਹੋਣਗੇ। ਨਿਰਦੇਸ਼ਕ, ਲਾਈਵਸਟਾਕ ਫਾਰਮ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਕਾਰਜ ਪ੍ਰਾਜੈਕਟ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਕੀਤਾ ਜਾ ਰਿਹਾ ਹੈ।