ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਜੂਨ
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੋਵਿਡ-19 ਕਾਰਨ ਸਕੂਲ ਬੰਦ ਹੋਣ ਕਰਕੇ ਬਚਿਆਂ ਦੀ ਆਨਲਾਈਨ ਕਲਾਸਾਂ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ ਤੇ ਆਨਲਾਈਨ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਬਸਤੀਆਂ ’ਚ ਜਾ ਕੇ ਬਚਿਆਂ ਨੂੰ ਦਾਖਲੇ ਲਈ ਪ੍ਰੇਰਨ ਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪਤਾ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਗਰਾਂਟ ਐੱਮਪੀ ਲੈਂਡ ਫੰਡ ’ਚੋ ਪ੍ਰਾਪਤ ਕੀਤੀ ਜਾਵੇ। ਉਨ੍ਹਾਂ ਸਮਾਰਟ ਸਕੂਲਾਂ ਤੋਂ ਲੈ ਕੇ ਖੇਡਾਂ ਤੱਕ ਦੀ ਆਈ ਗ੍ਰਾਂਟ ਨੂੰ ਸੁਚਾਰੂ ਢੰਗ ਨਾਲ ਵਰਤਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡਾਂ ਦੇ ਪੀਰੀਅਡ ਯਕੀਨੀ ਬਣਾਏ ਜਾਣ ਅਤ ਬਚਿਆਂ ਨੂੰ ਵੱਧ ਤੋਂ ਵੱਧ ਸਟੇਡੀਅਮ ਵਿਚ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਵਿਚ ਸਕੂਲਾਂ ਦੇ ਨਾਲ ਨਾਲ ਖੇਡ ਸਟੇਡੀਅਮ ਵੀ ਬਣਾਏ ਗਏ ਹਨ। ਉਹ ਆਪਣੇ ਸਕੂਲਾਂ ਦੇ ਡੀਪੀ ਅਧਿਆਪਕਾਂ ਦੀ ਬੱਚਿਆਂ ਨੂੰ ਸਟੇਡੀਅਮ ਵਿੱਚ ਲਿਆਉਣ ਲਈ ਡਿਊਟੀ ਲਗਾਉਣ।