ਸੰਜੀਵ ਤੇਜਪਾਲ
ਮੋਰਿੰਡਾ, 26 ਅਕਤੂਬਰ
ਅਨਾਜ ਮੰਡੀ ਮੋਰਿੰਡਾ ਵਿੱਚ ਫੂਸ ਦੇ ਠੇਕੇਦਾਰਾਂ ਵੱਲੋਂ ਫੂਸ ਦੀ ਸਫ਼ਾਈ ਕਰ ਕੇ ਦਾਣੇ ਕੱਢਣ ਲਈ ਚਲਾਏ ਜਾ ਰਹੇ ਥਰੈਸ਼ਰਾਂ ਦੀ ਦੂਰ ਦੂਰ ਤੱਕ ਉੱਡਦੀ ਧੂੜ ਜਿੱਥੇ ਅੱਖਾਂ ਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਊੱਥੇ ਹੀ ਇਸ ਊੱਡਦੀ ਧੂੜ ਕਾਰਨ ਸੜਕ ਹਾਦਸੇ ਵੀ ਵਾਪਰ ਰਹੇ ਹਨ। ਇਸ ਸਬੰਧੀ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਅਨਾਜ ਮੰਡੀ ਵਿੱਚ ਹੀ ਐੱਸਡੀਐੱਮ ਦਫ਼ਤਰ ਵੀ ਸਥਿਤ ਹੈ ਪ੍ਰੰਤੂ ਠੇਕੇਦਾਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਮੰਡੀ ’ਚ ਫੂਸ ਦੀ ਸਫ਼ਾਈ ਲਈ ਥਰੈਸ਼ਰ ਚਲਾਏ ਜਾਣਾ ਲਗਾਤਾਰ ਜਾਰੀ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਥਰੈਸ਼ਰਾਂ ਨਾਲ ਉੱਡਦੀ ਧੂੜ ਵਿੱਚ ਜ਼ਹਰੀਲੀਆਂ ਕੀੜੇਮਾਰ ਦਵਾਈਆਂ ਦੇ ਕਣ ਵੀ ਸ਼ਾਮਲ ਹੁੰਦੇ ਹਨ ਜੋ ਲੋਕਾਂ ਦੇ ਸਾਹ ਨਾਲ ਅੰਦਰ ਜਾ ਕੇ ਗੰਭੀਰ ਬਿਮਾਰੀਆਂ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਇਸ ਧੂੜ ਕਾਰਨ ਅੱਖਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਹਨ। ਇਸ ਤੋਂ ਇਲਾਵਾ ਥਰੈਸ਼ਰਾਂ ਦੀ ਧੂੜ ਲੋਕਾਂ ਦੀਆਂ ਅੱਖਾਂ ਵਿੱਚ ਪੈ ਕੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ। ਉਨ੍ਹਾਂ ਸਬੰਧਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਦੂਰ ਕਰਨ ਲਈ ਅਨਾਜ ਮੰਡੀ ਵਿੱਚ ਚੱਲਦੇ ਥਰੈਸ਼ਰ ਤੁਰੰਤ ਬੰਦ ਕਰਵਾਏ ਜਾਣ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਐੱਸਡੀਐੱਮ ਦਫਤਰ ਮੋਰਿੰਡਾ ਅਨਾਜ ਮੰਡੀ ਵਿੱਚ ਹੋਣ ਕਰ ਕੇ ਐੱਸਡੀਐੱਮ ਨੂੰ ਵੀ ਇਸ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਮਾਰਕੀਟ ਕਮੇਟੀ ਮੋਰਿੰਡਾ ਦੇ ਸਕੱਤਰ ਅਰਚਨਾ ਬਾਂਸਲ ਨੇ ਕਿਹਾ ਕਿ ਠੇਕੇਦਾਰਾਂ ਨੂੰ ਸਿਰਫ਼ ਮੰਡੀ ਵਿੱਚੋਂ ਫੂਸ ਚੁੱਕਣ ਦਾ ਠੇਕਾ ਦਿੱਤਾ ਗਿਆ ਹੈ, ਨਾ ਕਿ ਥਰੈਸ਼ਰ ਚਲਾਊਣ ਦੀ ਇਜਾਜ਼ਤ ਦਿੱਤੀ ਗਈ। ਠੇਕੇਦਾਰਾਂ ਨੂੰ ਮੰਡੀ ਵਿੱਚ ਥਰੈਸ਼ਰ ਚਲਾਉਣ ਤੋਂ ਤੁਰੰਤ ਰੋਕਿਆ ਜਾਵੇਗਾ।