ਚਰਨਜੀਤ ਭੁੱਲਰ
ਚੰਡੀਗੜ੍ਹ, 22 ਜੁਲਾਈ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਨਾਲ ਪਹਿਲੇ ਦੌਰ ਦੀ ਗੱਲਬਾਤ ਦੌਰਾਨ ਐਲਾਨ ਕੀਤਾ ਕਿ ਜੇ ਪ੍ਰਾਈਵੇਟ ਗੰਨਾਂ ਮਿੱਲਾਂ ਨੇ ਕਿਸਾਨਾਂ ਨੂੰ ਸਮੇਂ ਸਿਰ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਪੰਜਾਬ ਸਰਕਾਰ ਨਿੱਜੀ ਗੰਨਾ ਮਿੱਲਾਂ ਨੂੰ ਬੰਦ ਕਰੇਗੀ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੇ ਪ੍ਰਾਈਵੇਟ ਮਾਲਕ ਗੰਨਾਂ ਮਿੱਲਾਂ ਨੂੰ ਚਲਾਉਣ ਤੋਂ ਅਸਮਰੱਥ ਹੋਏ ਤਾਂ ਇਨ੍ਹਾਂ ਪ੍ਰਾਈਵੇਟ ਮਿੱਲਾਂ ਨੂੰ ਪੰਜਾਬ ਸਰਕਾਰ ਆਪਣੇ ਕਬਜ਼ੇ ਵਿਚ ਲੈ ਲਵੇਗੀ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਗੰਨੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਜ ਇੱਥੇ ਮਿਉਂਸਿਪਲ ਭਵਨ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਸਹਿਕਾਰੀ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦੇ 300 ਕਰੋੜ ਰੁਪਏ ਦੇ ਬਕਾਏ ਤਿੰਨ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ। ਪਹਿਲੀ ਕਿਸ਼ਤ ਵਜੋਂ 100 ਕਰੋੜ 30 ਜੁਲਾਈ ਤੱਕ ਅਦਾ ਕੀਤੇ ਜਾਣਗੇ ਜਦੋਂ ਕਿ 100 ਕਰੋੜ ਰੁਪਏ ਦੀ ਦੂਜੀ ਕਿਸ਼ਤ 30 ਅਗਸਤ ਤੱਕ ਜਾਰੀ ਹੋਵੇਗੀ ਅਤੇ ਸੌ ਕਰੋੜ ਦੀ ਆਖ਼ਰੀ ਕਿਸ਼ਤ 15 ਸਤੰਬਰ ਤੱਕ ਜਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਗੰਨਾਂ ਮਿੱਲਾਂ ਨੂੰ ਅਤਿ ਆਧੁਨਿਕ ਮਸ਼ੀਨਰੀ ਨਾਲ ਲੈਸ ਕਰਨ ਹਿੱਤ ਬਟਾਲਾ ਅਤੇ ਗੁਰਦਾਸਪੁਰ ਦੀਆਂ ਮਿੱਲਾਂ ਵਿੱਚ ਨਵੀਂ ਮਸ਼ੀਨਰੀ ਸਥਾਪਤ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 56 ਸੂਤਰੀ ਮੰਗ ਪੱਤਰ ਖੇਤੀ ਮੰਤਰੀ ਅੱਗੇ ਪੇਸ਼ ਕੀਤਾ ਗਿਆ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਸਵਾ ਸੌ ਪਰਿਵਾਰਾਂ ਦੇ ਵਾਰਸਾਂ ਨੂੰ ਹਾਲੇ ਤੱਕ ਮੁਆਵਜ਼ਾ ਅਤੇ ਨੌਕਰੀ ਨਹੀਂ ਮਿਲੀ। ਇਨ੍ਹਾਂ ਪਰਿਵਾਰਾਂ ਨੂੰ ਖੇਤੀ ਕੁਨੈਕਸ਼ਨ ਜਾਰੀ ਕੀਤੇ ਜਾਣ ਅਤੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਯਾਦਗਾਰ ਬਣਾਈ ਜਾਵੇ।
ਡਾ. ਦਰਸ਼ਨ ਪਾਲ ਨੇ 2 ਲੱਖ ਤੱਕ ਦੀ ਕਰਜ਼ਾ ਮੁਆਫ਼ੀ ਦੇ ਬਕਾਏ ਕੇਸਾਂ ਦਾ ਨਿਪਟਾਰਾ ਕਰਨ ਅਤੇ ਮੂੰਗੀ ਕਾਸ਼ਤਕਾਰਾਂ ਨੂੰ ਪੂਰਾ ਮੁੱਲ ਦੇਣ ਦੀ ਗੱਲ ਰੱਖੀ। ਕਿਸਾਨ ਆਗੂ ਹਰਮੀਤ ਕਾਦੀਆਂ ਨੇ ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਕਲੀ ਕੀਟਨਾਸ਼ਕਾਂ ਕਰਕੇ ਨਰਮਾ ਪੱਟੀ ਵਿਚ ਚਿੱਟੀ ਮੱਖੀ ਨਹੀਂ ਮਰ ਰਹੀ। ਕਿਸਾਨ ਆਗੂ ਸ਼ਾਦੀਪੁਰ ਨੇ ਰਾਜਪੁਰਾ ਇਲਾਕੇ ਵਿਚ ਸੂਰਜਮੁਖੀ ਦੇ ਮਾੜੇ ਬੀਜ ਕਾਰਨ ਹੋਏ ਖ਼ਰਾਬੇ ਦਾ ਮੁਆਵਜ਼ੇ ਮੰਗਿਆ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪੰਜਾਬ ਵਿਚ ਮੀਟ ਪਲਾਂਟ ਲਾਉਣ ਦਾ ਮੁੱਦਾ ਚੁੱਕਿਆ ਜਦੋਂ ਕਿ ਮਹਿਲਾ ਕਿਸਾਨ ਆਗੂ ਰਾਜਵਿੰਦਰ ਕੌਰ ਰਾਜੂ ਨੇ ਸਰਕਾਰੀ ਵਿਭਾਗਾਂ ਵਿਚ ਗੈਰ ਪੰਜਾਬੀਆਂ ਦੀ ਭਰਤੀ ’ਤੇ ਇਤਰਾਜ਼ ਕੀਤਾ। ਖੇਤੀ ਮੰਤਰੀ ਨੇ ਕਿਹਾ ਕਿ ਉਹ ਕਿਸਾਨੀ ਮੰਗਾਂ ’ਤੇ ਹਰ ਮਹੀਨੇ ਕਿਸਾਨ ਆਗੂਆਂ ਨਾਲ ਚਰਚਾ ਕਰਨਗੇ।
ਦਿੱਲੀ ਵੱਲ ਵੀ ਕੂਚ ਕਰ ਸਕਦੇ ਹਾਂ: ਮੋਰਚਾ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ 31 ਜੁਲਾਈ ਨੂੰ ਸਮੁੱਚੇ ਦੇਸ਼ ਵਾਂਗ ਪੰਜਾਬ ਵਿਚ ਚਾਰ ਘੰਟੇ ਲਈ ਰੇਲ ਗੱਡੀਆਂ ਦਾ ਚੱਕਾ ਜਾਮ ਕਰਨਗੇ ਜੋ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਹੋਵੇਗਾ। ਇਸੇ ਤਰ੍ਹਾਂ 18 ਤੋਂ 20 ਅਗਸਤ ਤੱਕ ਲਖੀਮਪੁਰ ਖੀਰੀ ਵਿਚ 75 ਘੰਟੇ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਮਾਹੌਲ ਬਣਿਆ ਤਾਂ ਉਹ ਕਿਸਾਨੀ ਘੋਲ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਨ। ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਿਚ ਫੁੱਟ ਦੀਆਂ ਖਬਰਾਂ ਨੂੰ ਨਕਾਰ ਦਿੱਤਾ।
ਜਲਦ ਨਵੀਂ ਖੇਤੀ ਨੀਤੀ ਬਣਾਵਾਂਗੇ: ਧਾਲੀਵਾਲ
ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਲਦ ਹੀ ਨਵੀਂ ਖੇਤੀ ਨੀਤੀ ਬਣਾਏਗੀ। ਉਨ੍ਹਾਂ ਦੱਸਿਆ ਕਿ ਜੋ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ, ਉਸ ’ਤੇ ਚਰਚਾ ਕੀਤੀ ਜਾਵੇਗੀ। ਇਸੇ ਤਰ੍ਹਾਂ ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਨਾਲ ਨਵੀਂ ਖੇਤੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਕੋਲ ਤਾਂ ਖੇਤੀ ਨੀਤੀ ਦੇ ਖਰੜੇ ਨੂੰ ਵਿਚਾਰਨ ਦੀ ਵੀ ਵਿਹਲ ਨਹੀਂ ਸੀ।