ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੁਲਾਈ
ਇੱਥੋਂ ਦੀ ਕੇਂਦਰੀ ਜੇਲ੍ਹ ਵਿਚਲੇ ਕੈਦੀਆਂ ਵੱਲੋਂ ਪਟਿਆਲਾ ਦੇ ਪਿੰਡ ਮਿੱਠੂਮਾਜਰਾ ਵਾਸੀ ਹਵਾਲਾਤੀ ਕਰਮਜੀਤ ਸਿੰਘ ਤੋਂ ਫਿਰੌਤੀ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਕਰਮਜੀਤ ਸਿੰਘ ਨੇ ਦੱਸਿਆ ਕਿ ‘ਡਰਾਮਾ ਬੈਰਕ’ ਵਿੱਚ ਕੈਦੀਆਂ ਨੇ ਕੁੱਟਮਾਰ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫਿਰੌਤੀ ਵਜੋਂ 85 ਹਜ਼ਾਰ ਰੁਪਏ ਮੰਗੇ ਸੀ। ਉਸ ਨੇ ਆਪਣੇ ਭਰਾ ਰਾਹੀਂ ਗੂਗਲ ਪੇਅ ਜ਼ਰੀਏ ਪੰਦਰਾਂ ਹਜ਼ਾਰ ਦੀ ਅਦਾਇਗੀ ਕੀਤੀ। ਪੀੜਤ ਨੇ ਮਾਮਲਾ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੇ ਧਿਆਨ ’ਚ ਲਿਆਂਦਾ, ਜਿਸ ਮਗਰੋਂ ਐਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਤਫਤੀਸ਼ ਕੀਤੀ। ਉਨ੍ਹਾਂ ਸਬੰਧਤ ਬੈਰਕ ’ਚ ਛਾਪਾ ਮਾਰ ਕੇ ਤਿੰਨ ਮੋਬਾਈਲ ਬਰਾਮਦ ਕੀਤੇ। ਪੁਲੀਸ ਨੇ ਥਾਣਾ ਤ੍ਰਿਪੜੀ ਵਿੱਚ ਹਵਾਲਾਤੀ ਗੁਰਦੀਪ ਸਿੰਘ ਬਡਬਰ, ਇਕਬਾਲਪ੍ਰੀਤ ਸਿੰਘ ਦੌਣ ਕਲਾਂ, ਬਲਕਾਰ ਸਿੰਘ ਤਲਵੰਡੀ, ਜਗਦੀਪ ਸਿੰਘ ਤੇ ਸੁਖਦੀਪ ਸਿੰਘ ਵਾਸੀ ਕੋਟਕਪੂਰਾ, ਰਾਜਵੀਰ ਸਿੰਘ ਲੇਹਲਕਲਾਂ ਅਤੇ ਅਮਨਪ੍ਰੀਤ ਸਿੰਘ ਚਹਿਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਮੌਕੇ ਕੁਝ ਬੰਦੀਆਂ ਨੇ ਡਿਪਟੀ ਸੁਪਰਡੈਂਟ ਹਰਪ੍ਰੀਤ ਸਿੰਘ ’ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੜਤਾਲ ਦੌਰਾਨ ਇੱਕ ਬੈਰਕ ਵਿੱਚੋਂ ਟੀਮ ਨੂੰ ਦੇਖ ਕੇ ਭੱਜੇ ਅਮਨਪ੍ਰੀਤ ਸਿੰਘ ਚਾਹਲ ਨੂੰ ਫੜਿਆ ਤਾਂ ਪਿੱਛੋਂ ਕਿਸੇ ਬੰਦੀ ਨੇ ਡਿਪਟੀ ਸੁਪਰਡੈਂਟ ਦੇ ਸਟੀਲ ਦਾ ਗਿਲਾਸ ਮਾਰਿਆ। ਇਸੇ ਦੌਰਾਨ ਅਮਨਪ੍ਰੀਤ ਨੇ ਕੋਈ ਤਿੱਖੀ ਚੀਜ਼ ਲਿਆ ਕੇ ਹਰਪ੍ਰੀਤ ਦੇ ਸਿਰ ’ਤੇ ਵਾਰ ਕੀਤਾ। ਡਿਪਟੀ ਸੁਪਰਡੈਂਟ ਦੀ ਸ਼ਿਕਾਇਤ ’ਤੇ ਤ੍ਰਿਪੜੀ ਥਾਣੇ ’ਚ ਅਮਨਪ੍ਰੀਤ ਸਿੰਘ ਚਾਹਲ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।