ਦਿਲਬਾਗ ਸਿੰਘ ਗਿੱਲ
ਅਟਾਰੀ, 7 ਮਾਰਚ
ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤਾ ਗਿਆ ਭਾਰਤੀ ਸਿਵਲ ਕੈਦੀ ਅੱਜ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਿਆ। ਵਾਹਗਾ-ਅਟਾਰੀ ਸਰਹੱਦ ’ਤੇ ਭਾਰਤੀ ਸਿਵਲ ਕੈਦੀ ਨੂੰ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਜ਼ਫਰ ਇਕਬਾਲ ਨੇ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਹਰਿੰਦਰ ਸਿੰਘ 144ਵੀਂ ਬਟਾਲੀਅਨ ਦੇ ਹਵਾਲੇ ਕੀਤਾ। ਇਸ ਮੌਕੇ ਸਰਹੱਦ ਦੇ ਦੋਵੇਂ ਪਾਸੇ ਕਸਟਮ ਤੇ ਇਮੀਗ੍ਰੇਸ਼ਨ ਦੇ ਅਧਿਕਾਰੀ ਹਾਜ਼ਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸਿਵਲ ਕੈਦੀ ਚੌਬੇ ਸ਼ਵੀ ਮੁਸੇਰ (25) ਪੁੱਤਰ ਲੋਰਾਕ ਵਾਸੀ ਮੁਸੇਰ ਖ਼ਲਿਫ਼ਤਾ, ਬਕਸਰ, ਬਿਹਾਰ ਦਾ ਰਹਿਣ ਵਾਲਾ ਹੈ, ਜੋ ਪਾਕਿਸਤਾਨ ਦੇ ਲਾਹੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ, ਜਿੱਥੋਂ ਅੱਜ ਰਿਹਾਅ ਹੋ ਕੇ ਵਤਨ ਪਰਤਿਆ ਹੈ। ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਕਸਟਮ ਤੇ ਇਮੀਗ੍ਰੇਸ਼ਨ ਵਿਭਾਗ ਦੀ ਪ੍ਰਕਿਰਿਆ ਉਪਰੰਤ ਭਾਰਤੀ ਸਿਵਲ ਕੈਦੀ ਨੂੰ ਰਵਿੰਦਰਜੀਤ ਕੌਰ, ਨਾਇਬ ਤਹਿਸੀਲਦਾਰ, ਅਟਾਰੀ ਦੇ ਹਵਾਲੇ ਕੀਤਾ ਗਿਆ ਜੋ ਉਸ ਨੂੰ ਅਟਾਰੀ ਸਰਹੱਦ ਤੋਂ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਏ। ਇਸ ਮੌਕੇ ਦਿਹਾਤੀ ਪੁਲੀਸ ਦੇ ਪ੍ਰੋਟੋਕੋਲ ਅਫਸਰ ਅਰੁਣ ਮਾਹਲ ਵੀ ਹਾਜ਼ਰ ਸਨ।