ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ
ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਇੱਕ ਕੈਦੀ ਪੁਲੀਸ ਨੂੰ ਚਕਮਾ ਦੇ ਕੇ ਭੱਜ ਗਿਆ। ਉਕਤ ਕੈਦੀ ਨਸ਼ਾ ਤਸਕਰੀ ਦੇ ਦੋਸ਼ ਹੇਠ ਤਰਨ ਤਾਰਨ ਜੇਲ੍ਹ ਵਿੱਚ ਬੰਦ ਸੀ ਤੇ ਉਸ ਨੂੰ ਇੱਥੇ ਇਲਾਜ ਲਈ ਲਿਆਂਦਾ ਗਿਆ ਸੀ। ਫਰਾਰ ਹੋਏ ਕੈਦੀ ਦੀ ਸ਼ਨਾਖਤ ਸੁਖਦੀਪ ਸਿੰਘ ਵਜੋਂ ਹੋਈ ਹੈ, ਜਿਸ ਦਾ ਕੇਸ ਇਸ ਵੇਲੇ ਵਿਚਾਰ ਅਧੀਨ ਸੀ। ਸ਼ੁੱਕਰਵਾਰ ਦੇ ਦਿਨ ਉਕਤ ਕੈਦੀ ਨੂੰ ਛਾਤੀ ਤੇ ਬਾਂਹ ਵਿੱਚ ਸਖ਼ਤ ਦਰਦ ਦੀ ਸ਼ਿਕਾਇਤ ਹੋਣ ਮਗਰੋਂ ਹਸਪਤਾਲ ਲਿਆਂਦਾ ਗਿਆ ਸੀ। ਬੀਤੀ ਦੇਰ ਸ਼ਾਮ ਸੁਖਦੀਪ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜ ਗਿਆ। ਇਸ ਸਬੰਧ ਵਿੱਚ ਮਜੀਠਾ ਰੋਡ ਪੁਲੀਸ ਥਾਣੇ ਵੱਲੋਂ ਸੁਖਦੀਪ ਸਿੰਘ ਤੇ ਤਿੰਨ ਪੁਲੀਸ ਮੁਲਾਜ਼ਮਾਂ ਏਐੱਸਆਈ ਜਗਜੀਤ ਸਿੰਘ, ਏਐੱਸਆਈ ਅਵਤਾਰ ਸਿੰਘ ਤੇ ਕਾਂਸਟੇਬਲ ਪਰਮਿੰਦਰ ਸਿੰਘ ਖ਼ਿਲਾਫ਼ ਡਿਊਟੀ ਦੌਰਾਨ ਕੋਤਾਹੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਤਿੰਨੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਦੇ ਫਰਾਰ ਹੋਣ ਮਗਰੋਂ ਵੱਖ-ਵੱਖ ਥਾਈਂ ਨਾਕਾਬੰਦੀ ਕਰਕੇ ਛਾਪਾਮਾਰੀ ਕੀਤੀ ਜਾ ਰਹੀ ਹੈ। ਮਿਲੇ ਵੇਰਵਿਆਂ ਮੁਤਾਬਕ ਸੁਖਦੇਵ ਸਿੰਘ ਨਾਲ ਦੋ ਹੋਰ ਕੈਦੀ ਵੀ ਇਥੇ ਜ਼ੇਰੇ ਇਲਾਜ ਸਨ, ਜਿਨ੍ਹਾਂ ਨੂੰ ਹੁਣ ਵਾਪਸ ਤਰਨ ਤਾਰਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਦੀਪ ਸਿੰਘ ’ਤੇ ਨਸ਼ਾ ਤਸਕਰੀ, ਚੋਰੀ, ਲੁੱਟ-ਖੋਹ ਸਣੇ ਹੋਰ ਕਈ ਕੇਸ ਦਰਜ ਹਨ। ਉਸ ਨੂੰ ਤਰਨ ਤਾਰਨ ਪੁਲੀਸ ਨੇ ਹਾਲ ਹੀ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ।