ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਾਰਚ
ਕੇਂਦਰੀ ਜੇਲ੍ਹ ਵਿਚੋਂ ਫ਼ਰਾਰ ਹੋਏ ਕੈਦੀ ਨੂੰ ਪੁਲੀਸ ਨੇ ਅੰਬਾਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਸ਼ਨਾਖ਼ਤ ਵਿਸ਼ਾਲ ਸ਼ਰਮਾ ਵਾਸੀ ਪਿੰਡ ਰੋੜੀ ਵਜੋਂ ਹੋਈ ਹੈ। ਇਸ ਦੇ ਦੋ ਸਾਥੀ ਜਰਨੈਲ ਸਿੰਘ ਵਾਸੀ ਪਿੰਡ ਹੰਸਾਵਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਹੰਸਾਵਾਲਾ ਨੂੰ ਪੁਲੀਸ ਪਹਿਲਾਂ ਹੀ ਛੇ ਅਤੇ ਸੱਤ ਫਰਵਰੀ 2020 ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਇਸਲਾਮਾਬਾਦ ’ਚ ਕੇਸ ਦਰਜ ਹੈ, ਜਿਸ ’ਚ ਹੁਣ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਇਹ ਤਿੰਨੋਂ ਹਵਾਲਾਤੀ ਸਥਾਨਕ ਕੇਂਦਰੀ ਜੇਲ੍ਹ ’ਚ ਵੱਖ-ਵੱਖ ਮਾਮਲਿਆਂ ’ਚ ਬੰਦ ਸਨ। ਪਿਛਲੇ ਵਰ੍ਹੇ ਪਹਿਲੀ ਫਰਵਰੀ 2020 ਦੀ ਰਾਤ ਨੂੰ ਇਨ੍ਹਾਂ ਨੇ ਬੈਰਕ ਦੀ ਕੰਧ ਨੂੰ ਸੰਨ੍ਹ ਲਾਈ। ਬਾਹਰ ਆ ਕੇ ਇਨ੍ਹਾਂ ਨੇ ਚਾਦਰਾਂ ਨਾਲ ਬਣਾਈ ਰੱਸੀ ਨਾਲ ਜੇਲ੍ਹ ਦੀ 16 ਫੁੱਟ ਉੱਚੀ ਕੰਧ ਪਾਰ ਕੀਤੀ ਤੇ ਫ਼ਰਾਰ ਹੋ ਗਏ। ਹੁਣ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।