ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ
ਮੁਕਤਸਰ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਵੱਲੋਂ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ’ਤੇ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਕੈਦੀ ਨੇ ਉਕਤ ਮੁਲਾਜ਼ਮਾਂ ’ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਮੁਲਾਜ਼ਮਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਵਰਿੰਦਰ ਕੁਮਾਰ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਅਗਵਾਈ ਹੇਠ ਸਹਾਇਕ ਸੁਪਰਡੈਂਟ ਤਰਸੇਮ ਸਿੰਘ, ਪ੍ਰੀਤਮ ਲਾਲ ਸੋਈ, ਬਲਦੇਵ ਸਿੰਘ, ਵਰਿੰਦਰ ਕੁਮਾਰ ਤੇ ਮਹਿੰਦਰ ਸਿੰਘ ਸਮੇਤ ਚੱਕਰ ਇੰਚਾਰਜ ਮੰਗਲ ਦਾਸ 2 ਨਵੰਬਰ ਦੀ ਸ਼ਾਮ ਨੂੰ ਸਕਿਉਰਿਟੀ ਜ਼ੋਨ ਦੀ ਤਲਾਸ਼ੀ ਲਈ ਗਏ ਸਨ, ਜਿਥੇ ਖ਼ਤਰਨਾਕ ਗੈਂਗਸਟਰ ਹਵਾਲਾਤੀ ਜਸਦੇਵ ਸਿੰਘ ਉਰਫ ਜੱਸੀ ਪੈਂਚਰ ਵਾਸੀ ਵਾਰਡ ਨੰਬਰ 2 ਪ੍ਰੋਫੈ਼ਸਰ ਕਲੋਨੀ ਮਾਨਸਾ ਵੱਲੋਂ ਹੋਰਨਾਂ ਕੈਦੀਆਂ ਨਾਲ ਰਲ ਕੇ ਕਿਸੇ ਤਿੱਖੀ ਚੀਜ਼ ਨਾਲ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਅਤੇ ਸਹਾਇਕ ਸੁਪਰਡੈਂਟ ਪ੍ਰੀਤਮ ਲਾਲ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।