ਕੇ.ਪੀ ਸਿੰਘ
ਗੁਰਦਾਸਪੁਰ, 1 ਨਵੰਬਰ
ਸਾਲ 2016-17 ਦੌਰਾਨ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅਧਿਆਪਕ ਸਿਖਲਾਈ ਪ੍ਰੋਗਰਾਮ ਦੌਰਾਨ 16.40 ਲੱਖ ਰੁਪਏ ਦੇ ਜਾਅਲੀ ਬਿੱਲ ਤਿਆਰ ਕਰਨ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਨੇ ਦੋ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਗੋਵਾਲ ਦੇ ਪ੍ਰਿੰਸੀਪਲ ਰਾਕੇਸ਼ ਗੁਪਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਥਲੌਰ ਦੇ ਪ੍ਰਿੰਸੀਪਲ ਰਾਮਪਾਲ ਨੂੰ ਵਿਜੀਲੈਂਸ ਬਿਊਰੋ ਦੀ ਲੁਧਿਆਣਾ ਯੂਨਿਟ ਨੇ ਅੱਜ ਸਵੇਰੇ ਉਨ੍ਹਾਂ ਦੇ ਸਕੂਲਾਂ ਵਿੱਚੋਂ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਦੀਨਾਨਗਰ ਤੋਂ ਵੀ ਇੱਕ-ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਘਪਲੇ ਦਾ ਇਹ ਮਾਮਲਾ ਗੁਰਦਾਸਪੁਰ ਦੇ ਇੱਕ ਸੇਵਾ-ਮੁਕਤ ਸਕੂਲ ਲੈਕਚਰਾਰ ਰਾਜਵੰਤ ਸਿੰਘ ਅਤੇ ਦੀਨਾਨਗਰ ਦੇ ਇੱਕ ਆਰਟੀਆਈ ਕਾਰਕੁਨ ਰਾਜੀਵ ਕੁਮਾਰ ਵੱਲੋਂ ਉਜਾਗਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਰਾਕੇਸ਼ ਗੁਪਤਾ ਅਤੇ ਰਾਮਪਾਲ ਦੋਵਾਂ ਨੇ ਪੰਜ ਸਾਲ ਪਹਿਲਾਂ ਅਧਿਆਪਕਾਂ ਦੇ ਇੱਕ ਸਿਖਲਾਈ ਪ੍ਰੋਗਰਾਮ ਦੌਰਾਨ 4 ਹਜ਼ਾਰ ਅਧਿਆਪਕਾਂ ’ਤੇ ਹੋਏ ਖ਼ਰਚੇ ਦੇ ਫ਼ਰਜ਼ੀ ਬਿੱਲ ਬਣਵਾ ਕੇ ਅਦਾਇਗੀ ਲਈ ਸੀ।
ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ਬਿਕਰਮ ਦੇਵ ਸਿੰਘ ਨੇ ਕਿਹਾ, “ਜਿਹੜੇ ਅਧਿਕਾਰੀਆਂ ਨੇ ਇਸ ਘਪਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।” ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਹਰਪਾਲ ਸਿੰਘ ਸੰਧਾਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।