ਦਵਿੰਦਰ ਸਿੰਘ ਭੰਗੂ
ਰਈਆ, 4 ਨਵੰਬਰ
ਮੁੱਖ ਅੰਸ਼
- ਸੁਰੱਖਿਆ ਦੇ ਕੀਤੇ ਗਏ ਸਖਤ ਪ੍ਰਬੰਧ
- ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾ ਰਿਹੈ ਦੌਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਡੇਰਾ ਬਿਆਸ ਦੀ ਫੇਰੀ ਸਬੰਧੀ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਜਾਣਕਾਰੀ ਅਨੁਸਾਰ ਸ੍ਰੀ ਮੋਦੀ ਸ਼ਨਿਚਰਵਾਰ ਸਵੇਰੇ 10 ਵਜੇ ਦੇ ਕਰੀਬ ਡੇਰਾ ਰਾਧਾ ਸੁਆਮੀ ਬਿਆਸ ਪੁੱਜਣਗੇ। ਇਸ ਮੌਕੇ ਉਹ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਅਤੇ ਬਾਬਾ ਢਿੱਲੋਂ ਦzwnj;ੀ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਵਿਚ ਵੱਡੀ ਗਿਣਤੀ ਵਿਚ ਡੇਰਾ ਪੈਰੋਕਾਰ ਰਹਿੰਦੇ ਹਨ ਜਿੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਗੁਜਰਾਤ ਚੋਣਾਂ ਦਾ ਵੀ ਐਲਾਨ ਹੋ ਚੁੱਕਾ ਹੈ ਅਤੇ ਦੇਸ਼-ਵਿਦੇਸ਼ ਵਿਚ ਡੇਰਾ ਰਾਧਾ ਸੁਆਮੀ ਦੇ ਲੱਖਾਂ ਦੀ ਗਿਣਤੀ ਵਿਚ ਪੈਰੋਕਾਰ ਹਨ। ਭਾਜਪਾ ਸਰਕਾਰ ਕੋਈ ਵੀ ਮੌਕਾ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਅਸਲਾ ਡਿਪੂ ਦੇ 1000 ਮੀਟਰ ਦੇ ਘੇਰੇ ਵਿਚ ਉਸਾਰੀਆਂ ਸਬੰਧੀ ਪੁਰਾਣੇ ਕਾਨੂੰਨ ਵਿਚ ਸੋਧ ਕਰਕੇ ਡੇਰੇ ਰਾਧਾ ਸੁਆਮੀ ਵਲੋਂ ਉਸਾਰੀ ਕੰਧ ਨੂੰ ਢਾਹੇ ਜਾਣ ਦੇ ਕੋਰਟ ਦੇ ਹੁਕਮਾਂ ‘ਤੇ ਰੋਕ ਲਾ ਕੇ ਡੇਰੇ ਦੇ ਹੱਕ ਵਿਚ ਵੱਡਾ ਫ਼ੈਸਲਾ ਕੀਤਾ ਸੀ ਜਿਸ ਦਾ ਲਾਹਾ ਭਾਜਪਾ ਸਰਕਾਰ ਵਲੋਂ ਲਿਆ ਜਾਵੇਗਾ। ਮੋਦੀ ਦੀ ਇਸ ਫੇਰੀ ਨੂੰ ਮੁੱਖ ਰਖਦਿਆਂ ਪੁਲੀਸ ਪ੍ਰਸ਼ਾਸਨ ਅਤੇ ਵੱਖ ਵੱਖ ਏਜੰਸੀਆਂ ਵਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਚੱਪੇ-ਚੱਪੇ ‘ਤੇ ਪੁਲੀਸ ਤਾਇਨਾਤ ਕੀਤੀ ਗਈ ਹੈ।